02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

200 ਲੀਟਰ ਤੋਂ ਵੱਧ ਤੇਲ ਸੰਬੰਧੀ ਕੱਲ੍ਹ ਤੋਂ ਹਟੇਗੀ ਪਾਬੰਦੀ

Ad Position 21
No active advertisement
ਅਜੀਤ ਡੈਸਕ 30-06-2026
ਜਲੰਧਰ, 29 ਜੂਨ (ਸ਼ਿਵ)-ਕੇਂਦਰ ਸਰਕਾਰ ਨੇ ਪਹਿਲੀ ਜੁਲਾਈ ਤੋਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ’ਤੇ ਲਗਾਈ ਪਾਬੰਦੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਤੇਲ ਕੰਪਨੀਆਂ ਨੂੰ ਸੋਮਵਾਰ ਨੂੰ ਪੱਤਰ ਲਿਖ ਕੇ ਪੈਟਰੋਲ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ ਲਗਾਈ ਅਸਥਾਈ ਪਾਬੰਦੀ ਨੂੰ ਵਾਪਸ ਲੈਣ ਦੇ ਫ਼ੈਸਲੇ ਤੋਂ ਜਾਣੂ ਕਰਾਇਆ ਹੈ। ਕੇਂਦਰ ਸਰਕਾਰ ਨੇ 12 ਜੂਨ ਨੂੰ ਤੇਲ ਦੀ ਆਲਮੀ ਸਪਲਾਈ ’ਚ ਦਿੱਕਤਾਂ ਆਉਣ ਕਰਕੇ ਤੇਲ ਦੀ ਕਿੱਲਤ ਰੋਕਣ ਲਈ ਅਸਥਾਈ ਪਾਬੰਦੀਆਂ ਲਾਈਆਂ ਸਨ, ਜਿਸ ਤਹਿਤ ਇਕ ਖਪਤਕਾਰ ਨੂੰ ਇਕ ਦਿਨ ’ਚ 200 ਲੀਟਰ ਤੋਂ ਜ਼ਿਆਦਾ ਪੈਟਰੋਲ ਅਤੇ ਡੀਜ਼ਲ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਤਾਂ ਜੋ ਤੇਲ ਦੀ ਜਮ੍ਹਾਖ਼ੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ। ਹੁਣ ਦੇਸ਼ ’ਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੇਂਦਰ ਸਰਕਾਰ ਨੇ ਤੇਲ ਦੀ ਵਿਕਰੀ ’ਤੇ ਲਾਈ ਪਾਬੰਦੀ ਹਟਾ ਲਈ ਹੈ। ਕੇਂਦਰ ਦੇ ਫ਼ੈਸਲੇ ਨੂੰ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਛੋਟੇ ਸਨਅਤਕਾਰਾਂ ਨੂੰ ਵੱਡੀ ਰਾਹਤ ਮਿਲ ਗਈ ਹੈ। ਕੇਂਦਰ ਨੇ 12 ਜੂਨ ਨੂੰ ਪਾਬੰਦੀਆਂ ਬਾਰੇ ਜਦੋਂ ਫ਼ੈਸਲਾ ਲਾਗੂ ਕੀਤਾ ਸੀ ਤਾਂ ਇਸ ਦਾ ਖੇਤੀ ਖੇਤਰ ਤੋਂ ਇਲਾਵਾ ਛੋਟੇ ਸਨਅਤਕਾਰਾਂ ਵਿਚ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ, ਕਿਉਂਕਿ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਤੇ ਹੋਰ ਫ਼ਸਲਾਂ ਲਈ ਮਸ਼ੀਨਰੀ ਦੀ ਵਰਤੋਂ ਲਈ ਡੀਜ਼ਲ ਦੀ ਕਾਫੀ ਲੋੜ ਸੀ। ਕਈ ਸਿਆਸੀ ਪਾਰਟੀਆਂ ਵਲੋਂ ਵੀ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਇਸ ਫ਼ੈਸਲੇ ਨੂੰ ਵਾਪਸ ਕਰਵਾਉਣ ਲਈ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਮਾਮਲੇ ਵਿਚ ਦਖ਼ਲ ਦੇ ਕੇ ਫ਼ੈਸਲੇ ਨੂੰ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਮੰਗ 17000 ਮੈਗਾਵਾਟ ਦੇ ਅੰਕੜੇ ਤੋਂ ਪਾਰ, ਸਪਲਾਈ ਤੇ ਮੰਗ ’ਚ ਪਾੜਾ ਵਧਿਆ ਅਗਲੀ ਖ਼ਬਰ ਅਮਰੀਕਾ ਤੇ ਈਰਾਨ ਹਮਲੇ ਰੋਕਣ ਲਈ ਮੁੜ ਸਹਿਮਤ
Ad Position 24
No active advertisement