ਨਵੀਂ ਦਿੱਲੀ, 25 ਜੁਲਾਈ (ਏਜੰਸੀ)- ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ। ਇਹ ਫ਼ੈਸਲਾ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਲਿਆ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ‘ਤੇ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰ ਲਿਆ ਹੈ। ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਅਨੁਸਾਰ ਪ੍ਰਹਿਲਾਦ ਜੋਸ਼ੀ ਆਪਣੇ ਮੌਜੂਦਾ ਵਿਭਾਗਾਂ ਦੇ ਨਾਲ-ਨਾਲ ਹੁਣ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਉਹ ਇਸ ਵੇਲੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੇ ਨਾਲ ਨਵੇਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ। ਪ੍ਰਹਿਲਾਦ ਜੋਸ਼ੀ ਕਰਨਾਟਕ ਦੇ ਧਾਰਵਾੜ ਤੋਂ ਲੋਕ ਸਭਾ ਮੈਂਬਰ ਹਨ ਤੇ ਭਾਜਪਾ ਦੇ ਸੀਨੀਅਰ ਨੇਤਾਵਾਂ ’ਚ ਸ਼ਾਮਿਲ ਹਨ। ਉਹ ਪਹਿਲਾਂ ਸੰਸਦੀ ਕਾਰਜ, ਕੋਲਾ ਤੇ ਖਾਣਾਂ ਵਰਗੇ ਮਹੱਤਵਪੂਰਨ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ।
ਪ੍ਰਹਿਲਾਦ ਜੋਸ਼ੀ ਨੂੰ ਮਿਲਿਆ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ
ਅਜੀਤ ਡੈਸਕ
26-07-2026