ਹੰਬੜਾਂ, 1 ਜੁਲਾਈ (ਹਰਵਿੰਦਰ ਸਿੰਘ ਮੱਕੜ)- ਹੰਬੜਾਂ ਵਿਖੇ ਪੀਰ ਬਾਬਾ ਵਜ਼ੀਰ ਅਲੀ ਕਾਕੇ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਭਰੀ। ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਧਾਨ ਸ਼ਿੰਗਾਰਾ ਸਿੰਘ ਗੁਰੂ, ਸਾਬਕਾ ਸਰਪੰਚ ਬਚਿੱਤਰ ਸਿੰਘ ਹੰਬੜਾਂ, ਸਰਪੰਚ ਚਰਨ ਸਿੰਘ ਗੁਰੂ, ਅਜੀਤ ਸਿੰਘ ਢਿੱਲੋਂ, ਸੁਖਜੀਤ ਸਿੰਘ ਬਾਠ ਤੇ ਹੋਰਾਂ ਵਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਇਸ ਮੌਕੇ ਨਾਮੀ ਕਲਾਕਾਰਾਂ ਨੇ ਆਪਣੇ-ਆਪਣੇ ਫਨ ਦਾ ਮੁਜ਼ਾਹਰਾ ਕੀਤਾ ਤੇ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਇਸ ਦੌਰਾਨ ਗੁਰੂ ਕੇ ਲੰਗਰ, ਜਲੇਬੀਆਂ, ਚਾਹ ਤੇ ਚੌਲਾਂ ਦਾ ਭੰਡਾਰਾ ਸੰਗਤ ਵਿਚ ਵਰਤਾਇਆ ਗਿਆ। ਇਸ ਸਮੇਂ ਡਾਇਰੈਕਟਰ ਗੁਰਚਰਨ ਸਿੰਘ ਬਾਠ ਨੇ ਹਾਜ਼ਰੀ ਭਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ, ਰਹਿਬਰਾਂ ਦੇ ਯਾਦਗਾਰੀ ਦਿਨ ਰਲ-ਮਿਲ ਕੇ ਹੀ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਹੋਰ ਵੀ ਮਜਬੂਤ ਹੋ ਸਕੇ। ਇਸ ਮੌਕੇ ਵੱਡੀ ਗਿਣਤੀ ਵਿਚ ਬੀਬੀਆਂ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।