ਮੁੱਲਾਂਪੁਰ-ਦਾਖਾ, 8 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਵਲੋਂ ਸਾਲ 2025 ਵਿਚ ਰੱਦ ਕਰਵਾਈ ਲੈਂਡ ਪੂਲਿੰਗ ਨੀਤੀ ਨੂੰ ਸੋਧਾਂ ਰਾਹੀਂ ਮੁੜ ਪੇਸ਼ ਕਰਕੇ ਸਰਕਾਰ ਆਪਣੇ ਚਹੇਤਿਆਂ ਨੂੰ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ’ਤੇ ਕਾਬਜ਼ ਕਰਵਾਉਣ ਦੀ ਤਾਕ ਵਿਚ ਹੈ, ਜਿਸ ਦਾ ਬੀ.ਕੇ.ਯੂ. (ਰਾਜੇਵਾਲ) ਤਿੱਖਾ ਵਿਰੋਧ ਕਰੇਗੀ। ਇਹ ਪ੍ਰਗਟਾਵਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ ਵਲੋਂ ਸੋਧੀ ਹੋਈ ਲੈਂਡ ਪੂਲਿੰਗ ਪਾਲਿਸੀ ਨੂੰ ਵੀ ਮੁੱਢੋਂ ਰੱਦ ਕਰਦਿਆਂ ਕੀਤਾ। ਮਨਪ੍ਰੀਤ ਸਿੰਘ ਕਿਹਾ ਕਿ ਪੰਜਾਬ ਦਾ ਕਿਸਾਨ, ਖੇਤ ਮਜ਼ਦੂਰ, ਖੇਤੀ ਸੈਕਟਰ ’ਤੇ ਨਿਰਭਰ ਹੈ, ਕੇਂਦਰ ਤੋਂ ਬਾਅਦ ਹੁਣ ਰਾਜ ਸਰਕਾਰ ਕਿਸਾਨਾਂ ਨੂੰ ਘਸਿਆਰੇ ਬਣਾਉਣ ਲਈ ਲੈਂਡ ਪੂਲਿੰਗ ਨੀਤੀ ਨੂੰ ਮੁੜ ਸੋਧਾਂ ਕਰਕੇ ਲਾਗੂ ਕਰਨਾ ਚਾਹੁੰਦੀ ਹੈ। ਬੀ.ਕੇ.ਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਸੋਧੇ ਜਾਣ ਸਮੇਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਵਸੇਬੇ ’ਤੇ ਕੋਈ ਵਿਚਾਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ 124 ਪਿੰਡਾਂ ਦੀ 65533 ਏਕੜ ਖੇਤੀਬਾੜੀ ਜ਼ਮੀਨ ਪੰਜਾਬ ਸਰਕਾਰ ਵਲੋਂ ਪ੍ਰਾਪਤ ਕਰਕੇ ਸੂਬੇ ਦੇ 19 ਸ਼ਹਿਰਾਂ ’ਚ ਅਰਬਨ ਅਸਟੇਟਾਂ ਅਤੇ ਉਦਯੋਗਿਤ ਪਾਰਕਾਂ ਬਣਾਉਣ ਦੀ ਗੱਲ ਚੱਲ ਰਹੀ ਹੈ, ਇਸ ਨੀਤੀ ਦਾ ਕਿਸਾਨ-ਮਜ਼ਦੂਰਾਂ ਪਿਛਲੇ ਵਰ੍ਹੇ ਵਿਆਪਕ ਵਿਰੋਧ ਕੀਤਾ, ਜਿਸ ਨਾਲ ਸਰਕਾਰ ਨੂੰ ਨੀਤੀ ਵਾਪਿਸ ਲੈਣੀ ਪਈ, ਹੁਣ ਪੰਜਾਬ ਸਰਕਾਰ ਨੇ ਨਿਗੁਣੀਆਂ ਸੋਧਾਂ ਕਰਕੇ ਉਹੀ ਪਾਲਿਸੀ ਨਾਲ ਲੈਂਡ ਪੂਲਿੰਡ ਮੁੜ ਲੈ ਆਂਦੀ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਨਦੀਪ ਸਿੰਘ ਰਿੰਕੂ, ਸੁਧਾਰ ਲਾਕ ਪ੍ਰਧਾਨ ਰਣਵੀਰ ਸਿੰਘ ਬੋਪਾਰਾਏ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਮੌਜੂਦ ਰਹੇ।