ਮੁਕੰਦਪੁਰ, 1 ਜੂਨ (ਅਮਰੀਕ ਸਿੰਘ ਢੀਂਡਸਾ)-ਐਸ. ਐਮ. ਓ. ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਸਟਾਫ਼ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ | ਹੈਲਥ ਸੁਪਰਵਾਇਜ਼ਰ ਬਲਵੰਤ ਰਾਮ ਨੇ ਦੱਸਿਆ ਕਿ ਸਿਗਰਟ, ਬੀੜੀ, ਹੁੱਕਾ, ਈ-ਸਿਗਰਟ, ਤੰਬਾਕੂ ਖਾਣ ਨਾਲ ਟੀ. ਬੀ., ਕੈਂਸਰ ਤੇ ਹੋਰ ਘਾਤਕ ਬਿਮਾਰੀਆਂ ਹੋ ਜਾਂਦੀਆਂ ਹਨ | ਤੰਬਾਕੂਨੋਸ਼ੀ ਦੀ ਇਸ ਆਦਤ ਨੂੰ ਛੱਡਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਹ ਕਿਰਿਆ, ਸੰਚਾਰ ਤੇ ਪ੍ਰਤੀਰੋਧਤਾ ਪ੍ਰਣਾਲੀ 'ਤੇ ਸਿੱਧਾ ਅਸਰ ਪਾਉਂਦਾ ਹੈ | ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਇਸ ਲਈ ਵੀ ਹਾਨੀਕਾਰਕ ਹੈ ਕਿਉਂਕਿ ਤੰਬਾਕੂ ਦੀ ਵਰਤੋਂ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟਦੀ ਹੈ ਤੇ ਸੰਕਰਮਣ ਦਾ ਖਤਰਾ ਵਧ ਜਾਂਦਾ ਹੈ | ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਉਣ ਦਾ ਮੁੱਖ ਮਕਸਦ ਸਿਰਫ਼ ਵਰਤਮਾਨ 'ਤੇ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂਨੋਸ਼ੀ ਦੇ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਹੀ ਨਹੀਂ ਬਲਕਿ ਤੰਬਾਕੂਨੋਸ਼ੀ ਕਾਰਨ ਹੁੰਦੇ ਸਮਾਜਿਕ, ਵਾਤਾਵਰਨਿਕ ਤੇ ਆਰਥਿਕ ਨੁਕਸਾਨ ਬਾਰੇ ਚੇਤੰਨ ਕਰਨਾ ਵੀ ਹੈ | ਹੈਲਥ ਸੁਪਰਵਾਇਜ਼ਰ ਬਲਵੰਤ ਰਾਮ ਨੇ ਸਮੂਹ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪਣੀ ਦੁਕਾਨ 'ਤੇ ਖੁੱਲ੍ਹਾ ਤੰਬਾਕੂ ਜਾਂ ਸਿਗਰਟ ਨਾ ਵੇਚਣ ਅਤੇ ਜੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਵੇਚਦੇ ਪਾਏ ਗਏ ਤਾਂ ਉਸ ਦੁਕਾਨਦਾਰ ਵਿਰੁੱਧ ਜੁਰਮਾਨਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ | ਪ੍ਰੋਗਰਾਮ ਦੌਰਾਨ ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ, ਹੈਲਥ ਵਰਕਰ ਸਚਦੀਪ ਸਿੰਘ, ਸਰਬਜੀਤ, ਕੁਲਵੀਰ, ਅਮਨਦੀਪ ਕੁਮਾਰ, ਵਿਨੋਦ ਤੇ ਅੰਮਿ੍ਤਪਾਲ ਸਿੰਘ ਮੌਜੂਦ ਸਨ |