ਪੋਜੇਵਾਲ ਸਰਾਂ, 1 ਜੂਨ (ਨਵਾਂਗਰਾਈਾ)-ਪੀ. ਐਮ. ਸ੍ਰੀ ਜਵਾਹਰ ਨਵੋਦਿਆ ਸਕੂਲ ਪੋਜੇਵਾਲ ਦੇ ਵਿਦਿਆਰਥੀ ਅਨਮੋਲ ਰਤਨ ਭਾਰਦਵਾਜ ਨੇ ਭਾਰਤੀ ਪੁਲਾੜ ਖੋਜ ਸੰਗਠਨ ਦੁਆਰਾ ਕਰਵਾਏ ਗਏ ਵਕਾਰੀ ਯੁਵਿਕਾ (ਯੁਵਾ ਵਿਗਿਆਨੀ ਪ੍ਰੋਗਰਾਮ)-2026 ਵਿਚ ਰੀਜਨਲ ਰਿਮੋਟ ਸੇਨਸਿੰਗ ਸੈਂਟਰ ਜੋਧਪੁਰ ਵਿਖੇ ਹਿੱਸਾ ਲਿਆ | ਇਹ 12 ਦਿਨਾਂ ਦਾ ਰਿਹਾਇਸ਼ੀ ਪ੍ਰੋਗਰਾਮ ਸੀ | ਯੁਵਿਕਾ ਪ੍ਰੋਗਰਾਮ ਦੀ ਚੋਣ ਪ੍ਰਕਿਰਿਆ ਬਹੁਤ ਹੀ ਮੁਕਾਬਲੇ ਵਾਲੀ ਹੁੰਦੀ ਹੈ, ਜਿਸ ਵਿਚ ਵਿਦਿਆਰਥੀਆਂ ਦੇ ਵਿੱਦਿਅਕ ਪ੍ਰਦਰਸ਼ਨ, ਵਿਗਿਆਨ ਗਤੀਵਿਧੀਆਂ, ਓਲੰਪੀਆਡ, ਖੇਡਾਂ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਰਾਕੇਟ ਮਾਡਲ ਬਣਾਉਣਾ, ਚੰਦ੍ਰਯਾਨ ਮਾਡਲ ਲਾਂਚਿੰਗ, ਉੜੀ ਆਨਲਾਈਨ ਟੀਮ ਪ੍ਰਾਜੈਕਟ ਵਰਗੀਆਂ ਗਤੀਵਿਧੀਆਂ ਦੇ ਨਾਲ-ਨਾਲ ਆਈ. ਆਈ. ਟੀ. ਜੋਧਪੁਰ ਵਰਗੀਆਂ ਸੰਸਥਾਵਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪ੍ਰਸਿੱਧ ਭਾਰਤੀ ਪੁਲਾੜ ਯਾਤਰੀ ਕੈਪਟਨ ਸੁਭਾਂਸ਼ੂ ਸ਼ੁਕਲਾ ਅਤੇ ਸੀਨੀਅਰ ਪੁਲਾੜ ਵਿਗਿਆਨੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ | ਵਿਗਿਆਨੀਆਂ ਨੇ ਬੱਚਿਆਂ ਨੂੰ ਭਾਰਤੀ ਪੁਲਾੜ ਪ੍ਰੋਗਰਾਮ ਅਤੇ ਇਸ ਖੇਤਰ ਵਿਚ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਨਵੋਦਿਆ ਵਿਦਿਆਲਿਆ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਅਤੇ ਸਮੁੱਚੇ ਸਟਾਫ਼ ਨੇ ਅਨਮੋਲ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਵਿਦਿਆਲਿਆ ਲਈ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਇਸ ਵਿਦਿਆਰਥੀ ਨੇ ਵਿਦਿਆਲਿਆ ਦਾ ਨਾਂਅ ਵੀ ਰੌਸ਼ਨ ਕੀਤਾ ਹੈ |