ਉੜਾਪੜ/ਲਸਾੜਾ, 1 ਜੂਨ (ਲਖਵੀਰ ਸਿੰਘ ਖੁਰਦ)-ਪਿੰਡ ਲਸਾੜਾ ਵਿਖੇ ਇਕ ਸਰਵੇ ਕਰਨ ਵਾਲੀ ਪ੍ਰਾਈਵੇਟ ਕੰਪਨੀ ਦੇ ਕਰਿੰਦਿਆਂ ਨੂੰ ਉਸ ਸਮੇਂ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਪਿੰਡ ਦੇ ਕੁਝ ਜਾਗਰੂਕ ਲੋਕਾਂ ਵਲੋਂ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ਦੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਕਿਸ ਅਥਾਰਟੀ ਨਾਲ ਲੋਕਾਂ ਦੇ ਘਰਾਂ ਵਿਚ ਜਾ ਕੇ ਜਾਣਕਾਰੀ ਲੈ ਰਹੇ ਹੋ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ ਅਤੇ ਨਾ ਹੀ ਕੋਈ ਸਰਵੇ ਸੰਬੰਧੀ ਸਰਕਾਰੀ ਦਸਤਾਵੇਜ਼ ਦਿਖਾ ਸਕੇ | ਇਸ 'ਤੇ ਪਿੰਡ ਵਾਸੀਆਂ ਵਲੋਂ ਤੁਰੰਤ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਅਤੇ ਮੌਕੇੇ 'ਤੇ ਪਹੁੰਚ ਪੁਲਿਸ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਪੁਲਿਸ ਚੌਕੀ ਲਿਜਾ ਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ | ਉਨ੍ਹਾਂ ਦੇ ਸ਼ਨਾਖਤੀ ਕਾਰਡ ਤੇ ਅਧਾਰ ਕਾਰਡ ਚੈੱਕ ਕਰਨ ਉਪਰੰਤ ਵਾਰਨਿੰਗ ਦੇ ਕੇ ਛੱਡਿਆ ਗਿਆ | ਸਰਵੇ ਕਰਨ ਵਾਲਿਆਂ ਨੇ ਦੱਸਿਆ ਕਿ ਉਹ ਬਿਹਾਰ ਦੀ ਇਕ ਪ੍ਰਾਈਵੇਟ ਕੰਪਨੀ ਵਲੋਂ ਚੋਣ ਸਰਵੇਖਣ ਕਰ ਰਹੇ ਹਨ ਤੇ ਉਕਤ ਕੰਪਨੀ ਇਹ ਸਰਵੇ ਟੀ. ਵੀ. ਚੈਨਲਾਂ ਨੂੰ ਵੇਚਦੀ ਹੈ | ਇਸ ਮੌਕੇ ਹਾਜ਼ਰ ਕਾਂਗਰਸੀ ਆਗੂ ਸਤਨਾਮ ਸਿੰਘ ਸੱਤਾ, ਕਾਮਰੇਡ ਪਿਆਰਾ ਸਿੰਘ, ਤਜਿੰਦਰ ਸਿੰਘ ਬੱਬੀ, ਬਲਜੀਤ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਵਿਚ ਦਿਨ ਦਿਹਾੜੇ ਲੁੱਟਾਂ ਖੋਹਾਂ ਤੇ ਠੱਗੀਆਂ ਵੱਜਣ ਦੀਆਂ ਸ਼ਰੇਆਮ ਵਾਰਦਾਤਾਂ ਹੋ ਰਹੀਆਂ ਹਨ | ਇਸ ਤਰ੍ਹਾਂ ਦੇ ਲੋਕਾਂ ਵਲੋਂ ਬਿਨਾਂ ਕਿਸੇ ਪਰਮਿਸ਼ਨ ਦੇ ਲੋਕਾਂ ਦੇ ਘਰਾਂ 'ਚ ਜਾਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ | ਉਨ੍ਹਾਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਿਹਾ ਜਾਵੇ ਤੇ ਪਿੰਡ ਦੇ ਸਰਪੰਚ ਦੀ ਮਨਜ਼ੂਰੀ ਦੇਖੇ ਬਿਨਾ ਕਿਸੀ ਨੂੰ ਵੀ ਆਪਣੇ ਘਰ ਨਾ ਵੜਣ ਦਿਉ ਤੇ ਨਾ ਹੀ ਕੋਈ ਜਾਣਕਾਰੀ ਸਾਂਝੀ ਕਰੋ |