ਰਾਹੋਂ, 1 ਜੂਨ (ਉਂਕਾਰ ਸਿੰਘ ਰਾਠੋਰ)-ਰਾਹੋਂ ਤੋਂ ਮਾਛੀਵਾੜਾ ਸਤਲੁਜ ਦਰਿਆ 'ਤੇ ਬਣੇ ਪੁੱਲ ਦੀ ਖਰਾਬ ਹਾਲਤ ਇਸ ਸਮੇਂ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਕਾਰਨ ਹਜ਼ਾਰਾਂ ਮੁਸਾਫ਼ਰਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ | ਮਾਲਵਾ ਤੇ ਦੋਆਬਾ ਖੇਤਰ ਨੂੰ ਜੋੜਨ ਵਾਲੇ ਇਸ ਮਹੱਤਵਪੂਰਨ ਪੁੱਲ ਦੀ ਸਲੈਬ (ਲੈਂਟਰ) ਵਿਚ ਕਈ ਵਾਰ ਤਰੇੜਾਂ ਆ ਚੁੱਕੀਆਂ ਹਨ | ਇਸ ਅਸੁਰੱਖਿਅਤ ਪੁੱਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ | ਪੁੱਲ ਦੇ ਉੱਪਰ ਸੜਕ ਥਾਂ-ਥਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਵਿਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ | ਇਸ ਪੁੱਲ ਦੀ ਸਾਈਡ 'ਤੇ ਲੱਗੀਆਂ ਲੋਹੇ ਦੀਆਂ ਸੁਰੱਖਿਆ ਕੰਧਾਂ ਵੀ ਟੁੱਟ ਚੁੱਕੀਆਂ ਹਨ ਤੇ ਪੁੱਲ ਦੇ ਉੱਪਰ ਜਾਣ ਵਾਲੀ ਸੜਕ ਦੇ ਨਾਲ ਢਾਹ ਲੱਗੀ ਹੋਈ ਹੈ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਰੋਜ਼ਾਨਾ ਹਜ਼ਾਰਾਂ ਵਾਹਨ ਲੰਘਣ ਦੇ ਬਾਵਜੂਦ ਰਾਤ ਦੇ ਸਮੇਂ ਲਾਈਟਾਂ ਨਾ ਚੱਲਣ ਕਾਰਨ ਇਥੇ ਹਾਦਸਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਗਿਆ ਹੈ | ਪੁੱਲ ਦੇ ਉੱਪਰ ਦੋਨਾਂ ਪਾਸਿਆਂ 'ਤੇ ਮਿੱਟੀ ਦੀ ਪਰਤ ਜਮ੍ਹਾਂ ਹੋਣ ਕਾਰਨ ਚੱਲਣਯੋਗ ਸੜਕ ਤੰਗ ਹੋ ਗਈ ਹੈ, ਇਸ ਨਾਲ ਤੇਜ਼ ਰਫ਼ਤਾਰ ਵਾਹਨਾਂ ਦੇ ਆਪਸ ਵਿਚ ਟਕਰਾਉਣ ਦਾ ਖ਼ਤਰਾ ਵਧ ਜਾਂਦਾ ਹੈ | ਮੁਸਾਫਿਰਾਂ ਵਲੋਂ ਪੁੱਲ ਵੱਲ ਧਿਆਨ ਦਵਾਉਂਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਤੁਰੰਤ ਟੁੱਟੀ ਹੋਈ ਸੜਕ ਦੇ ਆਲੇ-ਦੁਆਲੇ ਰਿਫਲੈਕਟਰ ਵਾਲੇ ਬੈਰੀਕੇਡ ਲਗਾਉਣੇ ਚਾਹੀਦੇ ਹਨ ਤਾਂ ਜੋ ਦੂਰੋਂ ਆਉਣ ਵਾਲੇ ਵਾਹਨ ਚਾਲਕ ਸੁਚੇਤ ਹੋ ਸਕਣ | ਜਿਥੋਂ ਮਿੱਟੀ ਖਿਸਕ ਕੇ ਸੜਕ ਬੈਠੀ ਹੈ ਉੱਥੇ ਤੁਰੰਤ ਵੱਡੇ ਪੱਥਰ ਤੇ ਕੰਕਰੀਟ ਪਾ ਕੇ ਉਸ ਨੂੰ ਪੱਕਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਢਾਹ ਹੋਰ ਅੱਗੇ ਨਾ ਵਧੇ ਅਤੇ ਪੁੱਲ ਉੱਪਰ ਦੋਨਾਂ ਸਾਈਡ ਤੋਂ ਮਿੱਟੀ ਦੀ ਪਰਤ ਦੀ ਸਫਾਈ ਕਰਵਾਈ ਜਾਵੇ ਅਤੇ ਰਾਤ ਨੂੰ ਰੌਸ਼ਨੀ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ |