ਬੰਗਾ, 11 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਈ ਪੰਜਾਬ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਲਵਜੋਤ ਕੌਰ ਕਾਹਮਾ ਨੇ ਹਿੱਸਾ ਲੈ ਕੇ ਪੰਜਾਬ ਭਰ 'ਚੋਂ 100 ਮੀਟਰ ਦੌੜ 11.99 ਸੈਕਿੰਡ ਵਿਚ ਪੂਰੀ ਕਰਕੇ ਪਹਿਲਾ ਸਥਾਨ ਹਾਸਿਲ ਕਰਕੇ ਰਿਕਾਰਡ ਬਣਾਇਆ | ਇਸ ਤਰ੍ਹਾਂ ਉਸ ਨੇ ਨੈਸ਼ਨਲ ਲਈ ਕੁਆਲੀਫਾਈ ਕੀਤਾ ਹੈ | ਇਸ ਖੁਸ਼ੀ 'ਚ ਡਾ. ਬੀ. ਆਰ. ਅੰਬੇਡਕਰ ਪਿਉਪਲ ਐਜੂਕੇਸ਼ਨ ਐਂਡ ਵੈਲਫੇਅਰ ਏਡ ਸੁਸਾਇਟੀ ਪੰਜਾਬ (ਰਜਿ:) ਵਲੋਂ ਲਵਜੋਤ ਕੌਰ ਕਾਹਮਾ ਨੂੰ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ | ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਸਲਾਹਕਾਰ ਤੇ ਸਿੱਖ ਨੈਸ਼ਨਲ ਕਾਲਜ ਦੇ ਸਾਬਕਾ ਵਿਦਿਆਰਥੀ ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਲੰਧਰ ਅਤੇ ਸਮੂਹ ਝੱਲੀ ਪਰਿਵਾਰ ਵਲੋਂ ਜੇਤੂ ਖਿਡਾਰਨ ਨੂੰ ਪੀ. ਟੀ. ਮਹਿੰਗਾ ਸਿੰਘ ਪਵੀਲੀਅਨ ਸਟੇਡੀਅਮ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਵਧਾਈਆਂ ਦਿੱਤੀਆਂ ਤੇ ਜੋਰ ਸ਼ੋਰ ਨਾਲ ਸਨਮਾਨਿਤ ਕੀਤਾ | ਇਸ ਮੌਕੇ ਝੱਲੀ ਵਲੋਂ ਕਿਹਾ ਕਿ ਜੇਤੂ ਖਿਡਾਰਨ ਦਾ ਸਿਹਰਾ ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਤੇ ਕੋਚ ਰਣਧੀਰ ਸਿੰਘ ਭੁੱਲਰ ਦੀ ਅਣਥੱਕ ਮਿਹਨਤ ਦਾ ਸਦਕਾ ਹੈ | ਲੜਕੀਆਂ ਨੂੰ ਖੇਡਾਂ ਦੇ ਹਰੇਕ ਖੇਤਰ ਵਿਚ ਸ਼ਾਮਲ ਕਰਕੇ ਉਪਰ ਉਠਣ ਦਾ ਮੌਕਾ ਦੇਣਾ ਚਾਹੀਦਾ ਹੈ | ਖਿਡਾਰਨ ਨੇ ਸਾਡੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਸਾਨੂੰ ਪੂਰੀ ਆਸ ਹੈ ਕਿ ਨੈਸ਼ਨਲ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਵਿਚ ਵੀ ਪੂਰੇ ਲਗਨ ਨਾਲ ਮਿਹਨਤ ਕਰਕੇ ਸੋਨੇ ਦੇ ਤਗਮੇ ਜਿੱਤ ਕੇ ਆਵੇਗੀ | ਪੰਜਾਬ ਦਾ ਨਾਂਅ ਰੌਸ਼ਨ ਕਰੇਗੀ | ਇਸ ਮੌਕੇ ਸਮੂਹ ਖਿਡਾਰੀਆਂ ਨੂੰ ਫਲ ਫਰੂਟ ਵੀ ਵੰਡਿਆ | ਇਸ ਮੌਕੇ ਖਿਡਾਰਨ ਦੇ ਕੋਚ ਰਣਧੀਰ ਸਿੰਘ ਭੁੱਲਰ ਵਲੋਂ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਤੇ ਝੱਲੀ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਸੋਹਣ ਸਿੰਘ ਝੱਲੀ ਸਾਬਕਾ ਸੈਕਟਰੀ, ਸੱਤਿਆ ਝੱਲੀ ਸਾਬਕਾ ਸਰਪੰਚ ਪਿੰਡ ਹੀਉਂ ਮੌਜੂਦਾ ਨੰਬਰਦਾਰ, ਲਵਪ੍ਰੀਤ ਕੌਰ ਸਮਰਾਲਾ, ਕੇਹਰ ਸਿੰਘ ਕਾਹਮਾ, ਸਤਵੀਰ ਸਿੰਘ ਸੱਤੀ ਕੋਚ ਜੀਦੋਵਾਲ ਤੇ ਖਿਡਾਰੀ ਹਾਜ਼ਰ ਸਨ |