ਮਜਾਰੀ/ਸਾਹਿਬਾ, 8 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਜਸਪਾਲ ਸਿੰਘ ਜਾਡਲੀ ਐਨ.ਆਰ.ਆਈ. ਨੰਬਰਦਾਰ ਅਤੇ ਮੈਨੇਜਿੰਗ ਡਾਇਰੈਕਟਰ ਬੱਬਰ ਕਰਮ ਸਿੰਘ ਟਰੱਸਟ ਦੋਲਤਪੁਰ ਨੇ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਬਣੀ ਫ਼ਿਲਮ ‘ਸਤਲੁਜ’ ‘ਤੇ ਲਗਾਈ ਗਈ ਪਾਬੰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਇਹ ਫ਼ਿਲਮ ਤੱਥਾਂ ਅਤੇ ਇਤਿਹਾਸਕ ਘਟਨਾਵਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਾਮਲਿਆਂ ਨੂੰ ਇਸ ਫ਼ਿਲਮ ਵਿੱਚ ਦਰਸਾਇਆ ਗਿਆ ਹੈ, ਉਨ੍ਹਾਂ ਸੰਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਚੁੱਕੀ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਮਾਮਲੇ ਵੀ ਦਰਜ ਹੋਏ ਹਨ। ਜਸਪਾਲ ਸਿੰਘ ਜਾਡਲੀ ਨੇ ਕਿਹਾ ਕਿ ਅਜਿਹੀ ਤੱਥਾਂ ‘ਤੇ ਆਧਾਰਿਤ ਬਣੀ ਫ਼ਿਲਮ ‘ਤੇ ਪਾਬੰਦੀ ਲਗਾਉਣਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ ਅਤੇ ਇਹ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਸਰਕਾਰ ਕੋਲ ਜ਼ੋਰਦਾਰ ਮੰਗ ਕੀਤੀ ਕਿ ਫ਼ਿਲਮ ‘ਸਤਲੁਜ’ ‘ਤੇ ਲਗਾਈ ਗਈ ਪਾਬੰਦੀ ਤੁਰੰਤ ਹਟਾਈ ਜਾਵੇ।