ਪਠਾਨਕੋਟ, 31 ਦਸੰਬਰ (ਵਿਨੋਦ)- ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਚ ਇੰਨ੍ਹੀ ਦਿਨੀਂ ਗੰਦਗੀ ਦਾ ਆਲਮ ਛਾਇਆ ਹੋਇਆ ਹੈ ਜਿਸ ਦੇ ਚੱਲਦੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਭੈਅ ਬਣਿਆ ਹੋਇਆ ਹੈ, ਜ਼ਿਕਰਯੋਗ ਹੈ ਕਿ ਇਸ ਪ੍ਰਬੰਧਕੀ ਕੰਪਲੈਕਸ ਵਿਚ ਡੀ.ਸੀ. ਦਫ਼ਤਰ, ਤਹਿਸੀਲ ਦਫ਼ਤਰ ਸਮੇਤ ਲਗਪਗ 58 ਮਹਿਕਮੇ ਇਸ ਬਿਲਡਿੰਗ ਵਿਚ ਕੰਮ ਕਰਦੇ ਹਨ ਅਤੇ ਹਜ਼ਾਰਾਂ ਲੋਕ ਇੱਥੇ ਰੋਜ਼ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ, ਜੋ ਉਹ ਇਹ ਗੰਦਗੀ ਦੇ ਸ਼ਿਕਾਰ ਹੋਣ ਦੇ ਚੱਲਦੇ ਬਿਮਾਰ ਹੋ ਸਕਦੇ ਹਨ | ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਜ਼ਿਲ੍ਹੇ ਦੇ ਆਲ੍ਹਾ ਅਫ਼ਸਰ ਹੋਣ ਦੇ ਬਾਵਜੂਦ ਵੀ ਗੰਦਗੀ ਦੀ ਸਫ਼ਾਈ ਨੂੰ ਖ਼ਤਮ ਕਰਨ ਵਿਚ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੈ, ਹਾਲਾਂਕਿ ਕਈ ਮਹਿਕਮਿਆਂ ਦੇ ਮੁਲਾਜ਼ਮ ਦੱਬੀ ਜ਼ੁਬਾਨ 'ਚ ਇਸ ਗੰਦਗੀ ਤੋਂ ਤੰਗ ਹਨ ਪਰ ਉਹ ਉੱਚ ਅਧਿਕਾਰੀਆਂ ਦੇ ਡਰ ਕਾਰਨ ਖੁੱਲ੍ਹ ਕੇ ਬੋਲਣ ਤੋਂ ਘਬਰਾਉਂਦੇ ਹਨ ਤੇ ਇਸ ਗੰਦਗੀ ਨੂੰ ਝੱਲਦੇ ਹਨ | ਇਹ ਗੰਦਗੀ ਬਿਲਡਿੰਗਾਂ ਦੇ ਥਾਂ-ਥਾਂ ਬਿਖਰੀ ਮਿਲਦੀ ਹੈ ਪਰ ਸਬੰਧਿਤ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇੱਥੇ ਵੱਡੇ-ਵੱਡੇ ਡੀ.ਸੀ. ਅਫ਼ਸਰ ਤੇ ਹੋਰ ਅਧਿਕਾਰੀ ਬੈਠਦੇ ਹਨ, ਉਨ੍ਹਾਂ ਦੀ ਬਿਲਡਿੰਗ ਵਿਚ ਇਹ ਹਾਲ ਹੈ ਤਾਂ ਬਾਕੀ ਜਗ੍ਹਾ ਕੀ ਹੋਵੇਗਾ ਜਿਸ ਕਾਰਨ ਲੋਕ ਪ੍ਰਬੰਧਕੀ ਕੰਪਲੈਕਸ ਦੇ ਆਲ੍ਹਾ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ 'ਤੇ ਉਂਗਲੀਆਂ ਚੁੱਕ ਰਹੇ ਹਨ | ਜਦੋਂ ਇਸ ਸੰਬੰਧੀ ਏ.ਡੀ.ਸੀ. (ਜ) ਸੰਜੀਵ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਆ ਗਈ ਹੈ, ਉਹ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਵਾਉਣਗੇ |