ਕਾਹਨੂੰਵਾਨ, 4 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਕਾਹਨੂੰਵਾਨ ਤੋਂ ਸ਼ਹੀਦਾਂ ਦੀ ਮਹਾਨ ਧਰਤੀ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਨੂੰ ਜਾਂਦੀ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਸੰਗਤਾਂ ਪ੍ਰੇਸ਼ਾਨ ਹਨ | ਸੜਕ ਉਪਰ ਪਏ ਡੂੰਘੇ ਟੋਇਆਂ ਵਿਚ ਮਾਮੂਲੀ ਬਾਰਿਸ਼ ਹੋਣ 'ਤੇ ਕਈ-ਕਈ ਦਿਨ ਪਾਣੀ ਖੜਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕਈ ਥਾਵਾਂ 'ਤੇ ਇਹ ਸੜਕ ਕਿਸੇ ਛੱਪੜ ਜਾਂ ਤਲਾਬ ਦਾ ਭੁਲੇਖਾ ਪਾਉਂਦੀ ਹੈ | ਹਨੇਰੇ ਸਵੇਰੇ ਕਈ ਵਾਰ ਲੋਕ ਇਨ੍ਹਾਂ ਟੋਇਆਂ ਵਿਚ ਡਿਗ ਕੇ ਸੱਟਾਂ ਲਗਵਾ ਚੁੱਕੇ ਹਨ, ਪਰ ਸਬੰਧਤ ਵਿਭਾਗ ਇਸ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਹਾਲਾਂਕਿ ਇਸ ਸੜਕ ਨੂੰ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਵਲੋਂ ਸੜਕ ਉੱਪਰ ਕਈ ਥਾਵਾਂ 'ਤੇ ਪੱਥਰ ਅਤੇ ਬੱਜਰੀ ਪਾਈ ਗਈ ਹੈ, ਪਰ ਇਹ ਸੜਕ ਉੱਪਰ ਪ੍ਰੀਮਿਕਸ ਨਹੀਂ ਪਾਈ ਗਈ ਜਿਸ ਕਾਰਨ ਲੋਕਾਂ ਦੇ ਨਵੇਂ ਵਾਹਨ ਕਵਾੜ ਬਣ ਰਹੇ ਹਨ | ਦੱਸਣਯੋਗ ਹੈ ਕਿ ਕਾਹਨੂੰਵਾਨ ਤੇ ਆਸ-ਪਾਸ ਦੇ ਪਿੰਡਾਂ ਦੇ ਸ਼ਰਧਾਲੂ ਸਵੇਰੇ ਤੇ ਸ਼ਾਮ ਨੂੰ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ ਪਰ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਦੀ ਆਸਥਾ ਨੂੰ ਮੁੱਖ ਰੱਖਦਿਆਂ ਲੋਕ ਨਿਰਮਾਣ ਮੰਤਰੀ ਪੰਜਾਬ ਤੇ ਵਿਭਾਗ ਦੇ ਐੱਸ.ਸੀ. ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ |