ਸੰਗਤ ਮੰਡੀ, 7 ਜੁਲਾਈ (ਸੁਖਤੇਜ ਧਾਲੀਵਾਲ)-ਇੱਥੋਂ ਨੇੜਲੇ ਪਿੰਡ ਧੁਨੀਕੇ ਵਿਖੇ ਬੀਤੀ ਰਾਤ ਚੋਰਾਂ ਵਲੋਂ ਡਿੱਪੂ ਦਾ ਜਿੰਦਰਾ ਤੋੜਕੇ 15 ਰਾਸ਼ਨ ਕਿੱਟਾਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾਂਡੀ ਦੇ ਡਿੱਪੂ ਹੋਲਡਰ ਹਨੂਮਾਨ ਨੇ ਦੱਸਿਆ ਕਿ ਪਿੰਡ ਧੁਨੀਕੇ ਦੇ ਡਿੱਪੂ ਲਈ ਪੰਜਾਬ ਸਰਕਾਰ ਦੀ ਵੱਕਾਰੀ ਮੇਰੀ ਰਸੋਈ ਯੋਜਨਾ ਤਹਿਤ 280 ਕਿੱਟਾਂ ਭੇਜੀਆਂ ਗਈਆਂ ਸਨ ਜੋ ਉਨ੍ਹਾਂ ਵਲੋਂ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਵੰਡੀਆਂ ਜਾਣੀਆਂ ਸਨ, ਜਿਸ ਵਿਚੋਂ ਬੀਤੀ ਰਾਤ ਚੋਰਾਂ ਨੇ ਡਿੱਪੂ ਦਾ ਜਿੰਦਰਾ ਤੋੜ ਕੇ 15 ਰਾਸ਼ਨ ਕਿੱਟਾਂ ਚੋਰੀ ਕਰ ਲਈਆਂ ਹਨ, ਉਨ੍ਹਾਂ ਵਲੋਂ ਇਸ ਚੋਰੀ ਦੀ ਇਤਲਾਹ ਥਾਣਾ ਸੰਗਤ ਦੀ ਪੁਲਿਸ ਨੂੰ ਕਰ ਦਿੱਤੀ ਗਈ ਹੈ। ਇਸ ਮੌਕੇ ’ਤੇ ਪੁੱਜੇ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ, ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।