ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਵੇਰਕਾ ਮਿਲਕ ਪਲਾਂਟ ਨੇੜੇ ਐਲੀਵੇਟਿਡ ਰੋਡ 'ਤੇ ਇਕ ਵਾਪਰੇ ਇੱਕ ਸੜਕ ਹਾਦਸੇ ਵਿਚ ਵਿਦਿਆਰਥੀ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ ਹੈ | ਹਾਦਸੇ ਵਿਚ ਇਕ ਸਵਿਫ਼ਟ ਡਿਜ਼ਾਇਰ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਸੜਕ ਦੇ ਦੂਜੇ ਪਾਸੇ ਜਾ ਰਹੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ | ਹਾਦਸੇ 'ਚ ਦੋ ਨੂੰ ਗੰਭੀਰ ਸੱਟਾਂ ਲੱਗੀਆਂ | ਜ਼ਖਮੀਆਂ ਦਾ ਇਲਾਜ ਡੀਐਮਸੀ ਹਸਪਤਾਲ 'ਚ ਚੱਲ ਰਿਹਾ ਹੈ | ਮਿ੍ਤਕਾਂ 'ਚ ਪੀਸੀਟੀਈ ਬੱਦੋਵਾਲ ਦਾ ਇੱਕ ਵਿਦਿਆਰਥੀ ਵੀ ਸ਼ਾਮਲ ਹੈ | ਇਕ ਵਿਦਿਆਰਥੀ ਦੀ ਹਾਲਤ ਗੰਭੀਰ ਹੈ | ਪੁਲਿਸ ਅਨੁਸਾਰ ਤਿੰਨ ਨੌਜਵਾਨ ਇਕ ਕਾਰ ਵਿਚ ਕਾਲਜ ਜਾ ਰਹੇ ਸਨ, ਜਦੋਂ ਇਕ ਮੋਟਰਸਾਈਕਲ ਸਵਾਰ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਰਿਹਾ ਸੀ ਕਿ ਅਚਾਨਕ ਕਾਰ ਚਲਾ ਰਿਹਾ ਨੌਜਵਾਨ ਸੰਤੁਲਨ ਗਵਾ ਬੈਠਾ ਅਤੇ ਸਵਿਫਟ ਕਾਰ ਬੇਕਾਬੂ ਹੋ ਗਈ, ਬੇਕਾਬੂ ਹੋਈ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਹਾਦਸੇ ਵਿਚ ਮੋਟਰਸਾਈਕਲ ਸਵਾਰ 42 ਸਾਲਾ ਜਗਦੀਸ਼ ਕੁਮਾਰ ਅਤੇ ਪੀਸੀਟੀਈ ਦੇ ਪੱਤਰਕਾਰੀ ਦੇ ਵਿਦਿਆਰਥੀ ਗੌਰਾਂਸ਼ (21) ਦੀ ਮੌਤ ਹੋ ਗਈ, ਜੋ ਕਿ ਸਵਿਫਟ ਚਲਾ ਰਿਹਾ ਸੀ | ਹਸਪਤਾਲ ਪਹੁੰਚਣ 'ਤੇ ਦੋਵਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਦੋ ਜ਼ਖਮੀ ਵਿਦਿਆਰਥੀਆਂ ਅਰਸ਼ਨੂਰ ਅਤੇ ਚਰਨਜੋਤ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦਾ ਡੀਐਮਸੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ, ਇਨ੍ਹਾਂ ਵਿਚੋਂ ਚਰਨਜੋਤ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ | ਇਹ ਜ਼ਖਮੀ ਹੋਏ ਵਿਦਿਆਰਥੀ ਦਸ਼ਮੇਸ਼ ਨਗਰ ਨੇੜੇ ਰਹਿੰਦੇ ਹਨ ਅਤੇ ਇਕੱਠੇ ਹੀ ਕਾਲਜ ਜਾਂਦੇ ਸਨ | ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਜਗਦੀਸ਼ ਕੁਮਾਰ ਇਕ ਕੋਰੀਅਰ ਕੰਪਨੀ ਵਿਚ ਕੰਮ ਕਰਦਾ ਸੀ | ਉਸ ਦੇ ਪਤਨੀ ਅਤੇ ਦੋ ਬੱਚੇ ਹਨ | ਗੌਰਾਂਸ਼ ਦਾ ਪਿਤਾ ਇਕ ਫੈਕਟਰੀ ਚਲਾਉਂਦਾ ਹੈ ਅਤੇ ਉਸਦੀ ਮਾਂ ਇੱਕ ਘਰੇਲੂ ਔਰਤ ਹੈ | ਅੱਖੀਂ ਦੇਖਣ ਵਾਲਿਆਂ ਮੁਤਾਬਕ ਕਾਰ ਭਾਰਤ ਨਗਰ ਚੌਕ ਤੋਂ ਥਰੀਕੇ ਵੱਲ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ | ਵੇਰਕਾ ਮਿਲਕ ਪਲਾਂਟ ਚੌਕ ਦੇ ਨੇੜੇ ਐਲੀਵੇਟਿਡ ਰੋਡ 'ਤੇ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਹਵਾ ਵਿੱਚ ਉੱਡ ਗਈ ਅਤੇ ਇੱਕ ਮੋਟਰਸਾਈਕਲ ਨਾਲ ਟਕਰਾ ਗਈ, ਜਿਸ ਤੇ ਮੋਟਰਸਾਈਕਲ ਚਾਲਕ ਸੜਕ 'ਤੇ ਡਿੱਗ ਪਿਆ ਅਤੇ ਮੌਕੇ ਤੇ ਹੀ ਦਮ ਤੋੜ ਗਿਆ | ਇਸ ਦੌਰਾਨ ਲੋਕਾਂ ਨੇ ਨੌਜਵਾਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ |