ਲੁਧਿਆਣਾ, 23 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵਿਦੇਸ਼ 'ਚ ਬੈਠੇ ਖ਼ਤਰਨਾਕ ਗੈਂਗਸਟਰ ਲੱਖਾ ਦੇ ਦੋ ਹੋਰ ਸਾਥੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਂਡ ਗਰਨੇਡ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵਲੋਂ 17 ਮਈ ਨੂੰ ਇਸ ਖ਼ਤਰਨਾਕ ਗੈਂਗਸਟਰ ਦੇ 2 ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੀ ਪੁੱਛ ਪੜਤਾਲ ਤੋਂ ਬਾਅਦ ਪੁਲਿਸ ਵਲੋਂ ਹੁਣ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੇ ਦੋ ਹੋਰ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਕਰਨਦੀਪ ਸਿੰਘ ਉਰਫ ਕਰਨ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਖੈਰਦੀਨ ਕੇ ਥਾਣਾ ਝਬਾਲ ਤਰਨ ਤਾਰਨ ਅਤੇ ਬਲਜੀਤ ਸਿੰਘ ਉਰਫ ਸੰਜੂ ਪੁੱਤਰ ਬਲਦੇਵ ਸਿੰਘ ਵਾਸੀ ਪੁਰਾਣੀ ਬਸਤੀ ਰਾਮਦਾਸ ਅੰਮਿ੍ਤਸਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕਥਿਤ ਦੋਸ਼ੀ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਅਤੇ ਅੱਤਵਾਦੀਆਂ ਦੇ ਕਹਿਣ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਦੋ ਜ਼ਿੰਦਾ ਹੈਂਡ ਗਰਨੇਡ ਬਰਾਮਦ ਕੀਤੇ ਹਨ | ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਵੀ ਸੂਬੇ ਵਿਚ ਇਕ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਕਿ ਪੁਲਿਸ ਨੂੰ ਸਮੇਂ ਸਿਰ ਪਤਾ ਲੱਗਣ 'ਤੇ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਕਰਨਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਇਰਾਦਾ ਕਤਲ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਇਹ ਕਥੀਤ ਦੋਸ਼ੀ ਖ਼ਤਰਨਾਕ ਗੈਂਗਸਟਰ ਆਕਾਸ਼ਦੀਪ ਉਰਫ ਗੋਲਡਨ ਮਲੇਸ਼ੀਆ ਨਾਲ ਵੀ ਸੰਪਰਕ ਵਿਚ ਸਨ | ਪੁਲਿਸ ਵਲੋਂ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਇਹਨਾਂ ਦੇ ਹੋਰ ਸਾਥੀਆਂ ਦੀ ਭਾਲ ਦੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ |