ਆਲਮਗੀਰ, 30 ਮਈ (ਜਰਨੈਲ ਸਿੰਘ ਪੱਟੀ)-ਪੰਜਾਬ ਰਾਜ ਅਤੇ ਚੰਡੀਗੜ੍ਹ ਯੂ.ਟੀ. ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਪਦਮਸ਼੍ਰੀ ਐਵਾਰਡੀ ਨੇ ਅੱਜ ਆਲਮਗੀਰ ਦੇ ਇਕ ਨਿੱਜੀ ਹੋਟਲ ਵਿਚ ਮਨੁੱਖੀ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਲੋਕਾਂ ਨੂੰ ਤੇਜ਼, ਪਾਰਦਰਸ਼ੀ ਅਤੇ ਸਥਾਨਕ ਪੱਧਰ 'ਤੇ ਇਨਸਾਫ਼ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਅਤੇ ਚੰਡੀਗੜ੍ਹ ਯੂ.ਟੀ. ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਜ਼ਿਲ੍ਹਾ ਪੱਧਰੀ ਕੰਪਲੈਕਸ ਵਿਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਕੋਰ ਕਮੇਟੀ ਦੇ ਜ਼ਿਲ੍ਹਾ ਦਫ਼ਤਰ ਖੋਲ੍ਹੇ ਜਾਣਗੇ | ਇਸ ਸਬੰਧੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਦਫ਼ਤਰ ਖੋਲ੍ਹਣ ਲਈ ਜਗ੍ਹਾ ਦੀ ਮੰਗ ਕੀਤੀ ਗਈ ਹੈ | ਸ਼ੰਟੀ ਨੇ ਕਿਹਾ ਕਿ ਇਹ ਪਹਿਲ ਪੰਜਾਬ ਨੂੰ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣਾਉਂਦੀ ਹੈ, ਜਿੱਥੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਗੁਜ਼ਾਰੀ ਦਾ ਜ਼ਿਲ੍ਹਾ ਪੱਧਰ ਤੱਕ ਵਿਸਥਾਰ ਕੀਤਾ ਜਾਵੇਗਾ | ਇਸ ਕਦਮ ਨਾਲ ਆਮ ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਦਫ਼ਤਰ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਤੱਕ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਆਪਣੇ ਹੀ ਜ਼ਿਲੇ੍ਹ ਵਿਚ ਹੀ ਆਪਣੀਆਂ ਸ਼ਿਕਾਇਤਾਂ ਇਸ ਕੋਰ ਕਮੇਟੀ ਦੇ ਜ਼ਿਲ੍ਹਾ ਦਫ਼ਤਰ ਵਿਚ ਦਰਜ ਕਰਵਾ ਸਕਣਗੇ | ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਸਿਰਫ਼ ਕਾਨੂੰਨੀ ਜ਼ਿੰਮੇਵਾਰੀ ਨਹੀਂ, ਸਗੋਂ ਇਕ ਸਮਾਜਿਕ ਫਰਜ਼ ਵੀ ਹੈ | ਸ਼ੰਟੀ ਨੇ ਕਿਹਾ ਕਿ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਲੋਕ ਕੇਂਦਰਿਤ ਬਣਾਇਆ ਜਾਵੇਗਾ | ਸ਼ਿਕਾਇਤਾਂ ਦੀ ਸੁਣਵਾਈ ਸਮੇਂ ਸਿਰ ਹੋਵੇਗੀ ਅਤੇ ਹਰ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਦੇਖਿਆ ਜਾਵੇਗਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੰਟੀ ਨੇ ਕਿਹਾ ਕਿ ਸਾਡਾ ਮਕਸਦ ਇਕੋ ਹੀ ਹੈ ਕਿ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਹੈ, ਕਿਉਂਕਿ ਕਈ ਵਾਰ ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਪਰੇਸ਼ਾਨ ਹੋਣਾ ਪੈਂਦਾ ਹੈ | ਸੋ ਅਸੀਂ ਇਕ ਮੋਬਾਈਲ ਨੰਬਰ 98554-75547 ਜਾਰੀ ਕੀਤਾ ਹੈ | ਇਸ ਨੰਬਰ 'ਤੇ ਵੀ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ | ਇਸ ਤੋਂ ਇਲਾਵਾ ਕੋਰ ਗਰੁੱਪ ਦੇ ਮੈਂਬਰਾਂ ਕੋਲ ਵੀ ਸ਼ਿਕਾਇਤ ਕਰ ਸਕਦੇ ਹਨ | ਅਸੀਂ ਮਰੀਜ਼ਾਂ ਅਤੇ ਡੈਡਬਾਡੀ ਵਾਸਤੇ ਜੋ ਐਡਵਾਈਜ਼ਰੀ ਪਾਸ ਕੀਤੀ ਸੀ ਕਿ ਅਗਰ ਕੋਈ ਹਸਪਤਾਲ ਡੈਡਬਾਡੀ ਨਹੀਂ ਦਿੰਦਾ ਤਾਂ ਸ਼ਿਕਾਇਤ ਮਿਲਣ 'ਤੇ ਕਮਿਸ਼ਨ ਡੈਡਬਾਡੀ ਨੂੰ ਦਿਵਾਏਗਾ | ਉਨ੍ਹਾਂ ਕਿਹਾ ਕਿ ਹੁਣ ਅਸੀਂ ਨਵਾਂ ਕੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਫੜਨ ਲਈ ਸਾਡੀ ਟੀਮ ਕੰਮ ਕਰੇਗੀ | ਜਿਹੜੇ ਵੀ ਲੋਕ ਅਜਿਹੇ ਗਲਤ ਅਨਸਰਾਂ ਨੂੰ ਸਹਾਰਾ ਦਿੰਦੇ ਹਨ, ਉਹ ਪ੍ਰਸ਼ਾਸਨਿਕ ਜਾਂ ਸਮਾਜਿਕ ਕੋਈ ਵੀ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ | ਸ਼ੰਟੀ ਨੇ ਦੱਸਿਆ ਕਿ ਇਕ ਹੋਰ ਨਵੇਂ ਕੰਮ ਤਹਿਤ ਪੰਜਾਬ ਵਿਚ ਵੀਜ਼ਾ ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ | ਉਨ੍ਹਾਂ ਨੇ ਲੋਕਾਂ ਦਾ ਅਰਬਾਂ ਰੁਪਇਆ ਲੁੱਟ ਲਿਆ ਹੈ ਅਤੇ ਨਾ ਲੋਕਾਂ ਨੂੰ ਵੀਜ਼ਾ ਮਿਲਿਆ ਹੈ | ਅਸੀਂ ਅਜਿਹੇ ਇਮੀਗ੍ਰੇਸ਼ਨ ਦੀਆਂ ਲਿਸਟਾਂ ਮੰਗਵਾ ਲਈਆਂ ਹਨ ਕਿ ਕਿਹੜੇ ਏਜੰਟ ਰਜਿਸਟਰ ਹਨ ਅਤੇ ਕਿਹੜੇ ਜਾਅਲੀ ਕੰਮ ਕਰ ਰਹੇ ਹਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸ਼ਨਪ੍ਰੀਤ ਕੌਰ ਗਿੱਲ, ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੱਛਮੀ ਕੁਲਦੀਪ ਬਾਵਾ, ਮੈਂਬਰ ਮਨੁੱਖੀ ਅਧਿਕਾਰ ਕੋਰ ਕਮੇਟੀ ਚੰਡੀਗੜ੍ਹ ਦੀਪਕ ਸਿੰਗਲਾ, ਲੁਧਿਆਣਾ ਕੋਰ ਕਮੇਟੀ ਮੈਂਬਰ ਮਨਜਿੰਦਰ ਸਿੰਘ ਕਲੇਰ, ਕੇ.ਕੇ. ਡਿਗਲੀ, ਐਡਵੋਕੇਟ ਸਪਨਾ ਕਨਵਰ, ਪੂਜਾ ਭਾਰਦਵਾਜ, ਪ੍ਰਤੀਕ ਵਰਮਾ, ਡਾ. ਰੀਤੂ ਗੁਪਤਾ, ਨਵਕਿਰਨ ਜੋਤ, ਜਗਦੀਸ਼ ਕੁਮਾਰ, ਮਨਦੀਪ ਕੇਸ਼ਵ ਗੁਡੂ, ਕਿ੍ਸ਼ਨ ਲਾਲ, ਮਨਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ