ਲਾਡੋਵਾਲ, 26 ਜੂਨ (ਬਲਬੀਰ ਸਿੰਘ ਰਾਣਾ)-ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ’ਤੇ ਟਿੱਪਰਾਂ ਨੂੰ ਬਿਨਾਂ ਟੋਲ ਟੈਕਸ ਦਿੱਤੇ ਲੰਘਾਉਣ ’ਤੇ ਮਾਮਲਾ ਗਰਮਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਟੋਲ ਪਲਾਜ਼ਾ ਮੈਨੇਜਰ ਦਪਿੰਦਰ ਪਾਲ ਨੇ ਦੱਸਿਆ ਕਿ ਰਸ਼ਪਾਲ ਸਿੰਘ ਪਾਲੀ ਟਿੱਪਰ ਮਾਲਕ ਵਲੋਂ ਰੇਤੇ ਨਾਲ ਭਰੇ ਆਪਣੇ ਚਾਰ ਟਿੱਪਰ ਟੋਲ ਪਲਾਜ਼ਾ ਤੋਂ ਬਿਨਾਂ ਟੋਲ ਫ਼ੀਸ ਦਿੱਤਿਆਂ ਧੱਕੇ ਨਾਲ ਲੰਘਾਉਣ ’ਤੇ ਪੁਲਿਸ ਥਾਣਾ ਲਾਡੋਵਾਲ ਵਿਖੇ ਉਨ੍ਹਾਂ ਖ਼ਿਲਾਫ਼ ਦਰਖਾਸਤ ਦੇ ਦਿੱਤੀ ਹੈ, ਜਿਸ ’ਤੇ ਕਾਰਵਾਈ ਕਰਦਿਆਂ ਲਾਡੋਵਾਲ ਪੁਲਿਸ ਵਲੋਂ ਟੋਲ ਪਲਾਜ਼ਾ ਅਧਿਕਾਰੀਆਂ ਅਤੇ ਰਸ਼ਪਾਲ ਸਿੰਘ ਬਾਲੀ ਨੂੰ ਥਾਣਾ ਲਾਡੋਵਾਲ ਵਿਖੇ ਬੁਲਾਇਆ ਗਿਆ, ਜਿੱਥੇ ਥਾਣਾ ਮੁਖੀ ਸੁਖਵਿੰਦਰ ਸਿੰਘ ਕਾਹਲੋਂ ਨੇ ਦੋਹਾਂ ਧਿਰਾਂ ਦਾ ਪੱਖ ਸੁਣਿਆ। ਇਸ ਮੌਕੇ ਰਸ਼ਪਾਲ ਸਿੰਘ ਬਾਲੀ ਨੇ ਕਿਹਾ ਕਿ ਮੈਂ, ਮੇਰਾ ਭਰਾ ਤੇ ਮੇਰਾ ਇਕ ਦੋਸਤ ਹਿੱਸੇਦਾਰ ਹੈ, ਅਸੀਂ ਰੇਤੇ ਦਾ ਕੰਮ ਕਰਦੇ ਹਾਂ, ਮੈਨੂੰ ਛੱਡ ਕੇ ਮੇਰੇ ਦੋਵੇਂ ਸਾਂਝੀਦਾਰਾਂ ਕੋਲੋਂ ਪਲਾਜ਼ਾ ਅਧਿਕਾਰੀ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੈਟਿੰਗ ਕਰਕੇ ਉਨ੍ਹਾਂ ਦੇ ਟਿੱਪਰ ਲੰਘਾ ਰਹੇ ਹਨ, ਜਦੋਂ ਮੈਂ ਕਿਹਾ ਕਿ ਮੇਰੇ ਨਾਲ ਵੀ ਸੈਟਿੰਗ ਕਰੋ ਮੇਰੇ ਵੀ ਟਿੱਪਰ ਲੰਘਦੇ ਹਨ, ਮੈਂ ਵੀ ਪ੍ਰਤੀ ਟਿੱਪਰ 30 ਹਜ਼ਾਰ ਰੁਪਇਆ ਦੇਣ ਨੂੰ ਤਿਆਰ ਹਾਂ, ਪਰ ਪਲਾਜ਼ਾ ਅਧਿਕਾਰੀਆਂ ਨੇ ਮੇਰੇ ਨਾਲ ਸੈਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ, ਮੈਨੂੰ ਟਿੱਪਰਾਂ ਦੇ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ, ਮੈਂ ਲੜਾਈ ਝਗੜੇ ਵਿਚ ਨਾ ਪੈਂਦੇ ਹੋਏ 9600 ਰੁਪਇਆ ਗੂਗਲ ਪੇ ਕਰ ਦਿੱਤਾ ਹੈ। ਇਸ ਸਬੰਧੀ ਜਦ ਸੀਨੀਅਰ ਮੈਨੇਜਰ ਬਿਪਨ ਰਾਏ ਅਤੇ ਮੈਨੇਜਰ ਦੁਪਿੰਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਐਸਾ ਕੁਛ ਨਹੀਂ ਹੈ ਕਿ ਟੋਲ ਅਧਿਕਾਰੀ ਟਿੱਪਰਾਂ ਵਾਲਿਆਂ ਨਾਲ ਸੈਟਿੰਗ ਕਰਕੇ ਟਿੱਪਰ ਲੰਘਾਉਂਦੇ ਹੋਣ। ਉਨ੍ਹਾਂ ਕਿਹਾ ਕਿ ਅਗਰ ਕੋਈ ਇਸ ਤਰ੍ਹਾਂ ਹੋ ਵੀ ਰਿਹਾ ਹੈ ਤਾਂ ਉਸ ਦਾ ਪਰੂਫ਼ ਸਾਨੂੰ ਦਿੱਤਾ ਜਾਵੇ, ਅਸੀਂ ਉਸ ਬੰਦੇ ’ਤੇ ਬਣਦੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ, ਜਦਕਿ ਥਾਣਾ ਮੁਖੀ ਲਾਡੋਵਾਲ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਦੋਹਾਂ ਧਿਰਾਂ ਦਾ ਆਪਸੀ ਰਾਜ਼ੀਨਾਮਾ ਵੀ ਹੋ ਗਿਆ ਹੈ।