ਲੁਧਿਆਣਾ, 26 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਨਗਰ ਨਿਗਮ ਦੀ ਕਾਰਗੁਜ਼ਾਰੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਫ਼ਿਰੋਜਪੁਰ ਰੋਡ ਨੂੰ ਹੰਬੜਾਂ ਰੋਡ ਨਾਲ ਜੋੜਨ ਵਾਲੀ ਸੜਕ ਸੱਗੂ ਚੌਕ ਇਲਾਕੇ ਵੱਲ ਜਾਣ ਵਾਲੇ ਰਸਤੇ ’ਚ ਅਚਾਨਕ ਵੱਡਾ ਟੋਇਆ ਬਣ ਗਿਆ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਿਕ ਸੜਕ ਹੇਠਾਂ ਪਈ ਵਾਟਰ ਸਪਲਾਈ ਪਾਈਪ ਲਾਈਨ ਵਿਚ ਲੰਬੇ ਸਮੇਂ ਤੋ૨ ਲੀਕੇਜ ਸੀ। ਲਗਾਤਾਰ ਪਾਣੀ ਰਿਸਣ ਕਾਰਨ ਹੇਠਲੀ ਮਿੱਟੀ ਕਮਜ਼ੋਰ ਹੋਕੇ ਖਿਸਕਦੀ ਰਹੀ। ਇਸਦੇ ਨਾਲ ਹੀ ਨੇੜਲੀ ਸੀਵਰੇਜ ਲਾਈਨ ਦੇ ਪ੍ਰਭਾਵ ਕਾਰਨ ਸੜਕ ਅੰਦਰ ਪੂਰੀ ਤਰ੍ਹਾਂ ਖੋਖਲੀ ਹੋਣ ਕਾਰਨ ਧੱਸ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਹੋਈ ਪਹਿਲੀ ਘਟਨਾ ਨਹੀਂ ਹੈ। ਇਸੇ ਥਾਂ ਪਹਿਲਾ ਵੀ ਸੜਕ ਧੱਸ ਚੁੱਕੀ ਹੈ ਅਤੇ ਇਕ ਵਾਰ ਤਾਂ ਪੂਰਾ ਟਰੱਕ ਸੜਕ ਵਿਚ ਫਸ ਗਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਹਰ ਵਾਰ ਆਰਜ਼ੀ ਮੁਰੰਮਤ ਕਰਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਜਾਂਦਾ ਹੈ, ਪਰ ਪੱਕਾ ਹੱਲ ਨਹੀਂ ਕੀਤਾ ਜਾਂਦਾ। ਘਟਨਾ ਤੋਂ ਬਾਅਦ ਨਗਰ ਨਿਗਮ ਨੇ ਸੁਰੱਖਿਆ ਦੇ ਮੱਦੇਨਜ਼ਰ ਪ੍ਰਭਾਵਿਤ ਹਿੱਸੇ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਕਿਉਂਕਿ ਇਹ ਇਕ ਅਹਿਮ ਸੰਪਰਕ ਮਾਰਗ ਹੈ। ਇਸ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਹੋਰ ਰਾਹਾਂ ਦਾ ਸਹਾਰਾ ਲੈਣਾ ਪਿਆ। ਮੌਕੇ ‘ਤੇ ਨਿਗਮ ਦੀਆਂ ਬੀ. ਐਂਡ ਆਰ. ਅਤੇ ਓ. ਐਂਡ ਐਮ. ਸ਼ਾਖਾਵਾਂ ਦੀਆਂ ਟੀਮਾਂ ਮੁਰੰਮਤ ਕੰਮ ਵਿਚ ਜੁੱਟੀਆਂ ਰਹੀਆਂ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਲੀਕ ਹੋ ਰਹੀਆਂ ਅੰਡਰਗਰਾਊਂਡ ਲਾਈਨਾਂ ਦੀ ਪੂਰੀ ਜਾਂਚ ਕਰਕੇ ਪੱਕਾ ਹੱਲ ਕੀਤਾ ਜਾਵੇ।