ਖਰੜ, 2 ਅਪ੍ਰੈਲ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਅਗਵਾਕਾਰਾਂ ਦੇ ਕਬਜ਼ੇ 'ਚੋਂ ਸਹੀ ਸਲਾਮਤ ਬਰਾਮਦ ਕਰ ਲਿਆ ਹੈ | ਪੁਲਿਸ ਨੇ ਇਸ ਮਾਮਲੇ 'ਚ ਇਕ ਲੜਕੀ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ 'ਚ ਵਰਤੀ ਗਈ ਮਰੂਤੀ ਕਾਰ ਅਤੇ ਕਿ੍ਪਾਨ ਵੀ ਬਰਾਮਦ ਕਰ ਲਈ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਤਨਵੀਰ ਕੌਰ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ ਅਤੇ ਰਸ਼ਪਾਲ ਸਿੰਘ ਵਜੋਂ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖਰੜ ਦੇ ਡੀ. ਐਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਅਗਵਾ ਕੀਤੇ ਅਵਿਦੇਸ਼ ਰਾਜਪੂਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਅਰਬਨ ਹੋਮਜ਼ ਵਿਖੇ ਆਪਣੇ ਦੋਸਤ ਵਿਨਾਇਕ ਕੋਲ ਗਿਆ ਸੀ ਅਤੇ ਉਥੇ ਜਦੋਂ ਉਹ ਮਾਰਕੀਟ 'ਚ ਖ਼ਰੀਦਦਾਰੀ ਕਰ ਰਹੇ ਸਨ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਉਸ ਨਾਲ ਲੜਾਈ-ਝਗੜਾ ਕਰਦਿਆਂ ਉਸ ਨੂੰ ਜ਼ਬਰੀ ਕਾਰ 'ਚ ਬਿਠਾ ਲਿਆ ਗਿਆ ਅਤੇ ਉਸ ਨੂੰ ਧਮਕਾਉਂਦੇ ਹੋਏ 1 ਲੱਖ ਰੁ. ਦੀ ਮੰਗ ਕੀਤੀ | ਇਸ ਤੋਂ ਬਾਅਦ ਮੁਲਜ਼ਮਾਂ ਵਲੋਂ ਉਸ ਦੇ ਦੋਸਤਾਂ ਤੋਂ 5 ਹਜ਼ਾਰ ਰੁ. ਇਕ ਲੜਕੀ ਦੇ ਖਾਤੇ 'ਚ ਟਰਾਂਸਫਰ ਕਰਵਾ ਲਏ ਗਏ | ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਥਾਣਾ ਸਿਟੀ ਦੇ ਇੰਚਾਰਜ ਅਮਰਿੰਦਰ ਸਿੰਘ ਅਤੇ ਏ. ਐਸ. ਆਈ. ਦੌਲਤ ਸਿੰਘ ਨੇ ਉਕਤ ਵਿਅਕਤੀ ਨੂੰ ਮੁਲਜ਼ਮਾਂ ਦੇ ਚੁੰਗਲ 'ਚੋਂ ਸਹੀ ਸਲਾਮਤ ਬਰਾਮਦ ਕਰ ਲਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਬੂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ 'ਚੋਂ ਲਵਪ੍ਰੀਤ ਸਿੰਘ, ਰਸ਼ਪਾਲ ਸਿੰਘ ਤੇ ਜਸਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਐਨ. ਡੀ. ਪੀ. ਸੀ. ਐਕਟ ਅਧੀਨ ਮਾਮਲੇ ਦਰਜ ਹਨ |