ਡੇਰਾਬੱਸੀ, 3 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਸੁਖਮਨੀ ਸਕੂਲ ਵਲੋਂ ਡਰਾਈਵਰਾਂ ਅਤੇ ਹੋਰਨਾਂ ਕਿਰਤੀਆਂ ਨੂੰ ਨੌਕਰੀ ਤੋਂ ਕੱਢਣ ਦੇ ਮਸਲੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਵੱਖ-ਵੱਖ ਟਰੇਡ ਯੂਨੀਅਨਾਂ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ | ਇਸ ਸੰਬੰਧ 'ਚ ਅੱਜ ਹੋਈ ਇਕ ਹੰਗਾਮੀ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਜੇਕਰ ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਨਾ ਕੀਤਾ ਗਿਆ ਤਾਂ 9 ਅਪ੍ਰੈਲ ਨੂੰ ਸਕੂਲ ਦੇ ਮੁੱਖ ਗੇਟ 'ਤੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਅਤੇ ਮੰਗਾਂ ਮੰਨੇ ਜਾਣ ਤੱਕ ਪੱਕਾ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਹਾਜ਼ਰ ਆਗੂਆਂ ਨੇ ਦੋਸ਼ ਲਗਾਇਆ ਕਿ ਸਕੂਲ ਮੈਨੇਜਮੈਂਟ ਤਜ਼ਰਬੇਕਾਰ ਸਟਾਫ਼ ਨੂੰ ਹਟਾ ਕੇ ਅਣ-ਸਿੱਖਿਅਤ ਡਰਾਈਵਰਾਂ ਨੂੰ ਬੱਸਾਂ ਦੇ ਕੇ ਮਾਸੂਮ ਬੱਚਿਆਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਉਹੀ ਪੁਰਾਣੇ ਡਰਾਈਵਰ ਹਨ, ਜਿਨ੍ਹਾਂ 'ਚੋਂ ਕਮਲਜੀਤ ਵਰਗੇ ਸਾਥੀ ਨੇ 40 ਬੱਚਿਆਂ ਦੀ ਜਾਨ ਬਚਾ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਸੀ, ਪਰ ਅੱਜ ਮੈਨੇਜਮੈਂਟ ਉਨ੍ਹਾਂ ਦੀਆਂ ਸੇਵਾਵਾਂ ਨੂੰ ਵਿਸਾਰ ਰਹੀ ਹੈ | ਇਸੇ ਦੌਰਾਨ ਆਗੂਆਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਲੜਾਈ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ, ਇਸ ਲਈ 9 ਅਪ੍ਰੈਲ ਤੋਂ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜ ਕੇ ਇਨ੍ਹਾਂ ਕਿਰਤੀਆਂ ਦਾ ਸਾਥ ਦਿੱਤਾ ਜਾਵੇ | ਮੀਟਿੰਗ 'ਚ ਵਿਨੋਦ ਚੁੱਘ (ਏਟਕ), ਰਣਜੀਤ ਸਿੰਘ (ਬੀ. ਕੇ. ਯੂ. ਲੱਖੋਵਾਲ) ਤੇ ਸੁਰਿੰਦਰ ਸਿੰਘ ਜੜੌਤ ਸਮੇਤ ਇਲਾਕੇ ਦੀਆਂ ਦਰਜਨਾਂ ਯੂਨੀਅਨਾਂ ਦੇ ਆਗੂ ਹਾਜ਼ਰ ਸਨ |