ਮੁੱਲਾਂਪੁਰ ਗਰੀਬਦਾਸ, 10 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਮੇਸ਼ਾ ਅਕਾਲੀ ਸਰਕਾਰ ਸਮੇਂ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ ਹੈ, ਲਿਹਾਜ਼ਾ ਉਨ੍ਹਾਂ ਲੋਕਾਂ ਨੂੰ ਮੁੜ ਤੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਵਲ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਹੈ, ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਨੂੰ ਸਮਰਪਿਤ ਹੈ | ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਰਵਿੰਦਰ ਸਿੰਘ ਖੇੜਾ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਖਰੜ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਦਿਆਂ ਕਿਹਾ ਕਿ ਨੌਜਵਾਨ ਆਗੂ ਖੇੜਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ 'ਚ ਭੇਜਿਆ ਜਾਵੇ | ਉਨ੍ਹਾਂ ਹਾਜ਼ਰੀਨਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ ਦੌਰਾਨ ਹੀ ਸਮੱਸਿਆਵਾਂ 'ਚ ਘਿਰੇ ਤੇ ਸਹੂਲਤਾਂ ਪੱਖੋਂ ਅਣਗੌਲੇ ਕਸਬਾ ਨਵਾਂਗਰਾਓਾ ਤੇ ਇਥੇ ਨੇੜਲੇ ਖੇਤਰ ਦੀ ਕਾਇਆ ਕਲਪ ਕੀਤੀ ਜਾਵੇਗੀ | ਇਸੇ ਦੌਰਾਨ ਭਾਜਪਾ ਆਗੂ ਗੁਰਧਿਆਨ ਸਿੰਘ ਕਰੌਰਾਂ ਤੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਦਾ ਅਕਾਲੀ ਦਲ 'ਚ ਘਰ ਵਾਪਸੀ ਕਰਨ 'ਤੇ ਸੁਖਬੀਰ ਸਿੰਘ ਬਾਦਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਨਵਾਂਗਰਾਓਾ ਦੇ ਮੌਜੂਦਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਦੀ ਅਗਵਾਈ 'ਚ ਇਲਾਕੇ ਦੇ ਕਈ ਸਰਪੰਚਾਂ-ਪੰਚਾਂ ਤੇ ਕੌਸਲਰਾਂ ਨੇ ਪ੍ਰੋਗਰਾਮ 'ਚ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ, ਸੀਨੀਅਰ ਅਕਾਲੀ ਆਗੂ ਐਨ. ਕੇ. ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਚੌਧਰੀ ਸ਼ਿਆਮ ਲਾਲ ਗੁੜਾ, ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਚੰਗਰ ਤੇ ਐਨ. ਡੀ. ਤਿਵਾੜੀ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |