ਚੰਡੀਗੜ੍ਹ, 24 ਅਪ੍ਰੈਲ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਖੇ 39ਵਾਂ ਡਾਕਟਰੀ ਡਿਗਰੀ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ 'ਚ ਭਾਰਤ ਸਰਕਾਰ ਦੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ. ਪੀ. ਨੱਢਾ ਮੁੱਖ ਮਹਿਮਾਨ ਅਤੇ ਡਾ. ਵਿਨੋਦ ਕੇ. ਪਾਲ ਮੈਂਬਰ ਨੀਤੀ ਆਯੋਗ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਇਹ ਸਾਰੀ ਜਾਣਕਾਰੀ ਪੀ. ਜੀ. ਆਈ. ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਸਮਾਰੋਹ 'ਚ ਕਰੀਬ 550 ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਨੇ ਕਿਹਾ ਕਿ ਹਰੇਕ ਗ੍ਰੈਜੂਏਟ ਨਾ ਸਿਰਫ਼ ਅਕਾਦਮਿਕ ਪ੍ਰਤਿਭਾ ਨੂੰ ਦਰਸਾਏਗਾ, ਸਗੋਂ ਹਮਦਰਦੀ ਵਾਲੇ ਮਰੀਜ਼ਾਂ ਦੀ ਦੇਖਭਾਲ ਲਈ ਇਕ ਡੂੰਘੀ ਵਚਨਬੱਧਤਾ ਨੂੰ ਵੀ ਅੱਗੇ ਲੈ ਕੇ ਜਾਵੇਗਾ | ਇਸ ਤੋਂ ਬਾਅਦ ਕੇਂਦਰੀ ਮੰਤਰੀ ਜੇ. ਪੀ. ਨੱਢਾ ਐਡਵਾਂਸਡ ਨਿਊਰੋ ਸਾਇੰਸ ਸੈਂਟਰ, ਮੈਟਰਨਲ ਐਂਡ ਚਾਈਲਡ ਹੈਲਥ ਸੈਂਟਰ, ਇਕ ਮੋਹਰੀ ਮੈਡੀਕਲ ਅਜਾਇਬ ਘਰ (ਸੰਸਥਾ ਵਿਚ ਆਪਣੀ ਕਿਸਮ ਦਾ ਪਹਿਲਾ) ਅਤੇ ਇਕ ਅਤਿ-ਆਧੁਨਿਕ ਕਿ੍ਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਰੱਖਣਗੇ | ਇਸ ਤੋਂ ਇਲਾਵਾ ਪ੍ਰੋ. ਲਾਲ ਨੇ ਕੈਂਪਸ ਦੇ ਅੰਦਰ ਅੰਮਿ੍ਤ ਫਾਰਮੇਸੀਆਂ ਦੇ ਵਿਸਥਾਰ ਬਾਰੇ ਗੱਲ ਕੀਤੀ, ਜਿਨ੍ਹਾਂ ਨਾਲ ਪ੍ਰੋ. ਆਰ. ਕੇ. ਰਾਠੋ ਡੀਨ (ਅਕਾਦਮਿਕ), ਪੰਕਜ ਰਾਏ ਡੀ. ਡੀ. ਏ., ਪ੍ਰੋ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ, ਪ੍ਰੋ. ਐਸ. ਕੇ. ਗੁਪਤਾ ਮੁਖੀ ਨਿਊਰੋ ਸਰਜਰੀ ਵਿਭਾਗ, ਪ੍ਰੋ. ਐਸ. ਐਸ. ਪਾਂਡਵ ਮੁਖੀ ਨੇਤਰ ਵਿਗਿਆਨ ਵਿਭਾਗ, ਡਾ. ਵਿਜੇ ਗੋਨੀ ਮੁਖੀ ਆਰਥੋਪੀਡਿਕਸ ਵਿਭਾਗ, ਪ੍ਰੋ. ਸੰਦੀਪ ਬਾਂਸਲ ਓਟੋਲੈਰਿੰਗੋਲੋਜੀ ਵਿਭਾਗ, ਪ੍ਰੋ. ਰਾਜੇਸ਼ ਵਿਜੇਵਰਗੀਆ ਕਾਰਡੀਓਲੋਜੀ ਵਿਭਾਗ, ਡਾ. ਰਾਜੀਵ ਚੌਹਾਨ ਐਡੀਸ਼ਨਲ ਪ੍ਰੋਫੈਸਰ ਤੇ ਉਮੇਦ ਮਾਥੁਰ ਰਜਿਸਟਰਾਰ ਪੀ. ਜੀ. ਆਈ. ਸ਼ਾਮਿਲ ਸਨ |