ਚੰਡੀਗੜ੍ਹ, 13 ਜੂਨ (ਅਜਾਇਬ ਸਿੰਘ ਔਜਲਾ)- ਰੂਪਕ ਕਲਾ ਐਂਡ ਵੈੱਲਫੇਅਰ ਸੋਸਾਇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਾਟਕ 'ਤੱਤੀ ਤਵੀ ਦਾ ਸੱਚ' ਦਾ ਮੰਚਨ ਅੱਜ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕੀਤਾ ਗਿਆ | ਇਹ ਨਾਟਕ ਲਾਈਟ ਐਂਡ ਸਾਊਾਡ 'ਤੇ ਆਧਾਰਿਤ ਇਕ ਵਿਲੱਖਣ ਪੇਸ਼ਕਾਰੀ ਹੋ ਨਿੱਬੜਿਆ | ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਦੀ ਗਹਿਰੀ ਖੋਜ ਅਤੇ ਵਿਸ਼ਲੇਸ਼ਣ ਦਾ ਨਤੀਜਾ ਇਹ ਨਾਟਕ ਆਪਣੀ ਉੱਤਮ ਲਿਖਤ ਲਈ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਹੋ ਚੁੱਕਾ ਹੈ | ਭਾਵੇਂ ਇਸ ਦਾ ਮੁੱਖ ਵਿਸ਼ਾ ਧਾਰਮਿਕ ਹੈ, ਪਰ ਅੱਜ ਦੇ ਭੌਤਿਕਵਾਦੀ ਯੁੱਗ ਵਿਚ ਇਹ ਮਨੁੱਖ ਨੂੰ ਆਪਣੇ ਸਮਾਜਿਕ ਫ਼ਰਜ਼ਾਂ ਅਤੇ ਨੈਤਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਕਰਦਾ ਹੈ | ਨਾਟਕਕਾਰ ਨੇ ਬੜੀ ਜ਼ਿੰਮੇਵਾਰੀ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਇਤਿਹਾਸਕ ਤੱਥਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ | ਨਾਟਕੀ ਤਕਨੀਕ ਵਿਚ ਬਹਿਸ ਅਤੇ ਸੰਵਾਦ ਰਾਹੀਂ ਗੁਰੂ ਜੀ ਦੀ ਸ਼ਹੀਦੀ ਦੇ ਅਸਲ ਕਾਰਨਾਂ ਨੂੰ ਡੂੰਘਾਈ ਨਾਲ ਪੇਸ਼ ਕੀਤਾ ਗਿਆ ਹੈ | 'ਤੱਤੀ ਤਵੀ ਦਾ ਸੱਚ' ਸਿਰਲੇਖ ਹੇਠ ਨਾਟਕ ਦੀ ਕਹਾਣੀ ਵੱਖ-ਵੱਖ ਪੜਾਵਾਂ ਵਿਚੋਂ ਲੰਘਦਿਆਂ ਉਨ੍ਹਾਂ ਹਾਲਤਾਂ ਨੂੰ ਉਜਾਗਰ ਕਰਦੀ ਹੈ, ਜਿਨ੍ਹਾਂ ਨੇ ਇਸ ਮਹਾਨ ਸ਼ਹਾਦਤ ਨੂੰ ਜਨਮ ਦਿੱਤਾ | ਇਹ ਨਾਟਕ ਬਾਦਸ਼ਾਹ ਅਕਬਰ ਦੀ ਧਾਰਮਿਕ ਸਹਿਣਸ਼ੀਲਤਾ ਅਤੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ | ਇਸ ਨਾਟਕ ਦੇ ਲੇਖਕ ਡਾ. ਆਤਮਜੀਤ ਸਨ ਅਤੇ ਇਸ ਦਾ ਨਿਰਦੇਸ਼ਕ ਸੰਗੀਤਾ ਗੁਪਤਾ ਵਲੋਂ ਬਾਖ਼ੂਬੀ ਦਿੱਤਾ ਗਿਆ | ਸਹਾਇਕ ਨਿਰਦੇਸ਼ਕ ਸਾਹਿਨ ਰਹੇ ਜਦ ਕਿ ਪ੍ਰੋਡਕਸ਼ਨ 'ਚ ਲਵਲੀਨ ਕੌਰ ਦੀ ਭੂਮਿਕਾ ਵੀ ਅਹਿਮ ਰਹੀ | ਇਸ ਪੇਸ਼ਕਾਰੀ ਵਿਚ ਕਲਾਕਾਰ ਅਭਿਸ਼ੇਕ, ਅੰਕੁਜ, ਰੇਯਾ ਸ਼ਰਮਾ, ਅਨਾਹਿਤਾ, ਨੰਦਿਨੀ ਗੁਪਤਾ, ਪਿ੍ਯੰਕਾ, ਮੰਤਵ, ਰਾਕੇਸ਼ ਰਸਤੋਗੀ, ਅਰਸ਼ਦੀਪ ਸਿੰਘ, ਇਸ਼ਨੂਰ ਸਿੰਘ, ਸੋਨੀਆ ਕੌਰ, ਗੁਰਵੀਰ ਸਿੰਘ, ਹਰਮਨਪ੍ਰੀਤ ਸਿੰਘ, ਜੋਤਿਸ਼੍ਰੀ ਗੁਹਾ, ਬਲਜਿੰਦਰ ਸਿੰਘ ਤੋਂ ਇਲਾਵਾ ਪਰਮਵੀਰ, ਅਥਰਵ, ਨਵ ਕੌਰ, ਸੁਨੀਤਾ, ਹਰਤੀਰਥ ਸਿੰਘ, ਮਿਰਜ਼ਾ, ਹਰਪ੍ਰੀਤ ਕੌਰ, ਸਾਹਿਨ ਵਲੋਂ ਆਪਣੀਆਂ ਆਪਣੀਆਂ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ ਤੇ ਦਰਸ਼ਕਾਂ ਨੇ ਭਾਵੁਕ ਵੀ ਕੀਤਾ |