06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹਰਿਆਣਾ ਸਰਕਾਰ ਵਲੋਂ ਚੰਡੀਗੜ੍ਹ 'ਚ ਸਰਕਾਰੀ ਆਵਾਸ ਅਲਾਟਮੈਂਟ ਲਈ ਨਵਾਂ ਆਨਲਾਈਨ ਮੋਡੀਊਲ <br/>

Ad Position 21
No active advertisement
ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਵਿਸ਼ੇਸ਼ ਪ੍ਰਤੀਨਿਧੀ) - ਹਰਿਆਣਾ ਸਰਕਾਰ ਨੇ ਚੰਡੀਗੜ੍ਹ ਵਿੱਚ ਸਰਕਾਰੀ ਆਵਾਸਾਂ ਦੀ ਅਲਾਟਮੈਂਟ ਲਈ ਵਿਕਸਤ ਕੀਤੇ ਜਾ ਰਹੇ ਆਨਲਾਈਨ ਮੋਡੀਊਲ ਦੇ ਮੱਦੇਨਜ਼ਰ ਸਾਰੇ ਵਿਭਾਗਾਂ ਨੂੰ ਲੋੜੀਂਦੇ ਵੇਰਵੇ ਨਿਰਧਾਰਤ ਸਮੇਂ ਦੇ ਅੰਦਰ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਈ-ਆਵਾਸ ਪੋਰਟਲ 'ਤੇ ਸਰਕਾਰੀ ਆਵਾਸ ਅਲਾਟਮੈਂਟ ਲਈ ਵਿਕਸਤ ਕੀਤੇ ਜਾਣ ਵਾਲੇ ਇਸ ਸਮਰਪਿਤ ਆਨਲਾਈਨ ਮੋਡੀਊਲ ਨਾਲ ਆਵਾਸ ਅਲਾਟਮੈਂਟ ਦੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ, ਸਹੀ ਅਤੇ ਸਮਾਂਬੱਧ ਹੋਵੇਗੀ | ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸਬੰਧੀ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਹਰਿਆਣਾ ਲੋਕ ਸੇਵਾ ਕਮਿਸ਼ਨ, ਹਰਿਆਣਾ ਕਰਮਚਾਰੀ ਚੋਣ ਕਮਿਸ਼ਨ, ਹਰਿਆਣਾ ਵਿਧਾਨ ਸਭਾ, ਹਰਿਆਣਾ ਪੁਲਿਸ ਅਤੇ ਹੋਰ ਪ੍ਰਮੁੱਖ ਦਫ਼ਤਰਾਂ ਨੂੰ ਪੱਤਰ ਜਾਰੀ ਕਰਕੇ ਨੋਡਲ ਅਫ਼ਸਰ ਨਾਮਜ਼ਦ ਕਰਨ ਤੇ ਨਿਰਧਾਰਤ ਸਮੇਂ ਦੇ ਅੰਦਰ ਲੋੜੀਂਦੇ ਵੇਰਵੇ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਜਾਣਕਾਰੀ ਅਨੁਸਾਰ ਮੌਜੂਦਾ ਨਿਯਮਾਂ ਤਹਿਤ ਯੋਗ ਸਰਕਾਰੀ ਕਰਮਚਾਰੀਆਂ ਨੂੰ ਸਰਕਾਰੀ ਆਵਾਸ ਦੀ ਅਲਾਟਮੈਂਟ ਜਾਂ ਆਵਾਸ ਬਦਲਣ ਲਈ ਈ-ਆਵਾਸ ਪੋਰਟਲ 'ਤੇ ਅਪਲਾਈ ਕਰਨ ਦੇ ਨਾਲ-ਨਾਲ ਸਬੰਧਤ ਵਿਭਾਗ ਰਾਹੀਂ ਤਸਦੀਕਸ਼ੁਦਾ ਹਾਰਡ ਕਾਪੀ ਵੀ ਭੇਜਣੀ ਹੁੰਦੀ ਹੈ | ਹਰ ਮਹੀਨੇ ਦੀ 20 ਤਾਰੀਖ ਤੱਕ ਪ੍ਰਾਪਤ ਹੋਈਆਂ ਅਰਜ਼ੀਆਂ ਅਗਲੇ ਮਹੀਨੇ ਦੇ ਅਲਾਟਮੈਂਟ ਚੱਕਰ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਅਧੂਰੀਆਂ ਜਾਂ ਅਯੋਗ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ | ਹਾਊਸ ਅਲਾਟਮੈਂਟ ਕਮੇਟੀ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਈ-ਆਫਿਸ ਪ੍ਰਣਾਲੀ ਲਾਗੂ ਹੋਣ ਦੇ ਬਾਵਜੂਦ ਕਈ ਅਰਜ਼ੀਆਂ ਨਿਰਧਾਰਤ ਤਸਦੀਕ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਭੇਜੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ, ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਸਬੰਧੀ ਜਾਣਕਾਰੀ ਸਮੇਂ ਸਿਰ ਅਪਡੇਟ ਨਾ ਹੋਣ ਕਾਰਨ ਕਈ ਅਯੋਗ ਕਰਮਚਾਰੀ ਸੀਨੀਆਰਤਾ ਸੂਚੀ ਵਿੱਚ ਬਣੇ ਰਹਿੰਦੇ ਹਨ ਜਾਂ ਯੋਗਤਾ ਖ਼ਤਮ ਹੋਣ ਤੋਂ ਬਾਅਦ ਵੀ ਸਰਕਾਰੀ ਆਵਾਸਾਂ 'ਤੇ ਕਾਬਜ਼ ਰਹਿੰਦੇ ਹਨ | ਅਜਿਹੇ ਮਾਮਲਿਆਂ ਵਿੱਚ ਨਿਯਮਾਂ ਅਨੁਸਾਰ ਜੁਰਮਾਨਾ ਕਿਰਾਇਆ ਅਤੇ ਵਿਆਜ ਦੀ ਵਸੂਲੀ ਕੀਤੀ ਜਾ ਸਕਦੀ ਹੈ | ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਚੰਡੀਗੜ੍ਹ ਪ੍ਰਸ਼ਾਸਨ ਈ-ਆਵਾਸ ਪੋਰਟਲ 'ਤੇ ਇੱਕ ਵਿਆਪਕ ਆਨਲਾਈਨ ਮੋਡੀਊਲ ਵਿਕਸਤ ਕਰਨ ਜਾ ਰਿਹਾ ਹੈ | ਪ੍ਰਸਤਾਵਿਤ ਪ੍ਰਣਾਲੀ ਰਾਹੀਂ ਵਿਭਾਗਾਂ ਦੇ ਮੁਖੀਆਂ ਜਾਂ ਨਾਮਜ਼ਦ ਨੋਡਲ ਅਫ਼ਸਰਾਂ ਵੱਲੋਂ ਡਿਜੀਟਲ ਤਸਦੀਕ ਤੋਂ ਬਾਅਦ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ | ਇਸ ਦੇ ਨਾਲ ਹੀ ਤਬਾਦਲੇ ਅਤੇ ਤਾਇਨਾਤੀ ਸਬੰਧੀ ਵੇਰਵਿਆਂ ਨੂੰ ਅਸਲ ਸਮੇਂ (ਰੀਅਲ-ਟਾਈਮ) ਵਿੱਚ ਅਪਡੇਟ ਕਰਨਾ, ਅਯੋਗ ਕਰਮਚਾਰੀਆਂ ਦੀ ਪਛਾਣ, ਸੀਨੀਆਰਤਾ ਸੂਚੀ ਦਾ ਆਪਣੇ-ਆਪ ਅਪਡੇਟ ਹੋਣਾ ਅਤੇ ਆਵਾਸ ਅਲਾਟਮੈਂਟ ਪ੍ਰਕਿਰਿਆ ਦਾ ਵਧੇਰੇ ਪਾਰਦਰਸ਼ੀ ਅਤੇ ਸਮਾਂਬੱਧ ਸੰਚਾਲਨ ਯਕੀਨੀ ਬਣਾਇਆ ਜਾਵੇਗਾ | ਮੋਡੀਊਲ ਨੂੰ ਲਾਗੂ ਕਰਨ ਲਈ ਵਿਭਾਗਾਂ ਤੋਂ ਯੋਗ ਦਫ਼ਤਰਾਂ ਦੇ ਵੇਰਵੇ ਮੰਗੇ ਗਏ ਹਨ, ਜਿਸ ਵਿੱਚ ਵਿਭਾਗ ਦੇ ਮੁਖੀਆਂ ਦੇ ਨਾਮ ਅਤੇ ਅਹੁਦੇ, ਦਫ਼ਤਰ ਦਾ ਪਤਾ, ਐਨ.ਆਈ.ਸੀ. ਵਿੱਚ ਰਜਿਸਟਰਡ ਅਧਿਕਾਰਤ ਈ-ਮੇਲ ਆਈਡੀ, ਮੋਬਾਈਲ ਨੰਬਰ ਅਤੇ ਡਰਾਇੰਗ ਐਂਡ ਡਿਸਬਰਸਿੰਗ ਅਫ਼ਸਰ ਕੋਡ ਸ਼ਾਮਲ ਹਨ | ਇਹ ਜਾਣਕਾਰੀ ਸੱਤ ਦਿਨਾਂ ਦੇ ਅੰਦਰ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਚੰਡੀਗੜ੍ਹ ਵੱਲੋਂ ਪੋਰਟਲ ਦੇ ਵਿਕਾਸ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ | ਪੱਤਰ ਅਨੁਸਾਰ ਪ੍ਰਸਤਾਵਿਤ ਆਨਲਾਈਨ ਪ੍ਰਣਾਲੀ ਨਾਲ ਸੀਨੀਆਰਤਾ ਰਿਕਾਰਡ ਦਾ ਸਹੀ ਰੱਖ-ਰਖਾਅ, ਯੋਗਤਾ ਦੀ ਸਮੇਂ ਸਿਰ ਤਸਦੀਕ ਅਤੇ ਚੰਡੀਗੜ੍ਹ ਵਿੱਚ ਤਾਇਨਾਤ ਯੋਗ ਕਰਮਚਾਰੀਆਂ ਲਈ ਸਰਕਾਰੀ ਆਵਾਸ ਅਲਾਟਮੈਂਟ ਪ੍ਰਕਿਰਿਆ ਨੂੰ ਵਧੇਰੇ ਸਰਲ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਗਾਇਕ ਅਮਰ ਸੰਧੂ ਦੇ ਨਵੇਂ ਗੀਤ 'ਧੀ ਲਾਡਲੀ-2' ਦਾ ਪੋਸਟਰ ਜਾਰੀ <br/> ਅਗਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਚੋਣ <br/>
Ad Position 24
No active advertisement