ਚੰਡੀਗੜ੍ਹ, 21 ਜੂਨ (ਸੰਦੀਪ ਕੁਮਾਰ ਮਾਹਨਾ) –ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਾਲ 2026 ਦੀ ਵਿਸ਼ੇਸ਼ ਗਹਿਰੀ ਪੁਨਰ ਸਮੀਖਿਆ (ਐਸ.ਆਈ.ਆਰ.-2026) ਮੁਹਿੰਮ ਨੂੰ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਕਰਾਰ ਦਿੰਦਿਆਂ ਨਾਗਰਿਕਾਂ ਨੂੰ ਇਸ ’ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਹੀ, ਅੱਪਡੇਟ ਅਤੇ ਸਮਾਵੇਸ਼ੀ ਵੋਟਰ ਸੂਚੀ ਲੋਕਤੰਤਰ ਦੀ ਮਜ਼ਬੂਤ ਨੀਂਹ ਹੈ ਅਤੇ ਹਰ ਯੋਗ ਵੋਟਰ ਨੂੰ ਆਪਣੇ ਵੇਰਵਿਆਂ ਦੀ ਜਾਂਚ ਕਰਕੇ ਚੋਣ ਅਧਿਕਾਰੀਆਂ ਅਤੇ ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓ.) ਦਾ ਸਹਿਯੋਗ ਕਰਨਾ ਚਾਹੀਦਾ ਹੈ।ਰਾਜਪਾਲ ਕਟਾਰੀਆ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ, ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਵੋਟਰ ਸੂਚੀ ਦਾ ਸਹੀ ਅਤੇ ਅੱਪਡੇਟ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਹਿਰੀ ਪੁਨਰ ਸਮੀਖਿਆ ਮੁਹਿੰਮ ਦਾ ਉਦੇਸ਼ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਅਤੇ ਮੌਜੂਦਾ ਵੇਰਵਿਆਂ ਨੂੰ ਅੱਪਡੇਟ ਕਰਨਾ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਮਤਦਾਨ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਮ, ਪਤੇ ਅਤੇ ਹੋਰ ਵੇਰਵਿਆਂ ਦੀ ਪੁਸ਼ਟੀ ਕਰਨ ਦੇ ਨਾਲ-ਨਾਲ ਜੇਕਰ ਕਿਸੇ ਤਰਾਂ ਦੀ ਸੋਧ ਜਾਂ ਅੱਪਡੇਟ ਦੀ ਲੋੜ ਹੋਵੇ ਤਾਂ ਉਸ ਨੂੰ ਸਮੇਂ ਸਿਰ ਕਰਵਾਉਣ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਧਿਕਾਰੀ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਨਾਗਰਿਕਾਂ ਨੂੰ ਉਨ੍ਹਾਂ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਇੱਕ ਮਜ਼ਬੂਤ ਲੋਕਤੰਤਰ ਲਈ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਸ਼ੁੱਧਤਾ ਸਿਰਫ਼ ਚੋਣ ਕਮਿਸ਼ਨ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਨੌਜਵਾਨਾਂ, ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਅਤੇ ਹੋਰ ਯੋਗ ਨਾਗਰਿਕਾਂ ਨੂੰ ਇਸ ਮੁਹਿੰਮ ਦਾ ਲਾਭ ਉਠਾਉਣ ਅਤੇ ਆਪਣੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੀ ਅਪੀਲ ਕੀਤੀ।ਰਾਜਪਾਲ ਨੇ ਕਿਹਾ ਕਿ ਇੱਕ ਸਹੀ ਅਤੇ ਵਿਆਪਕ ਵੋਟਰ ਸੂਚੀ ਨਾ ਸਿਰਫ਼ ਚੋਣ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀ ਹੈ, ਸਗੋਂ ਲੋਕਤੰਤਰਿਕ ਸੰਸਥਾਵਾਂ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ, ‘‘ਸਹੀ ਵੋਟਰ ਸੂਚੀ, ਮਜ਼ਬੂਤ ਲੋਕਤੰਤਰ- ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।’’ ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਐਸ.ਆਈ.ਆਰ.-2026 ਮੁਹਿੰਮ ’ਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।
ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਲਈ ਵੋਟਰ ਸੂਚੀ ਦਾ ਅੱਪਡੇਟ ਹੋਣਾ ਜ਼ਰੂਰੀ-ਰਾਜਪਾਲ ਕਟਾਰੀਆ
ਅਜੀਤ ਡੈਸਕ
22-06-2026