ਕੁਰਾਲੀ, 21 ਜੂਨ (ਬਿੱਲਾ ਅਕਾਲਗੜ੍ਹੀਆ)-ਜ਼ਿਲ੍ਹਾ ਮੁਹਾਲੀ ਦੀ ਮਹਿਲਾ ਕਾਂਗਰਸ ਦੀ ਨਵ-ਨਿਯੁਕਤ ਪ੍ਰਧਾਨ ਪਰਮਜੀਤ ਕੌਰ ਨੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਜੀਤੀ ਪਡਿਆਲਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਵਿਚਾਲੇ ਪਾਰਟੀ ਦੀ ਮਜ਼ਬੂਤੀ, ਮਹਿਲਾਵਾਂ ਦੀ ਰਾਜਨੀਤੀ ’ਚ ਭਾਗੀਦਾਰੀ ਅਤੇ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜੀਤੀ ਪਡਿਆਲਾ ਵਲੋਂ ਜਿਥੇ ਪਰਮਜੀਤ ਕੌਰ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਉਥੇ ਹੀ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਵੀ ਦਿੱਤੀ ਗਈ। ਪਡਿਆਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਮਹਿਲਾਵਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਯੋਗ ਮਾਣ-ਸਨਮਾਨ ਦੇਣ ਲਈ ਵਚਨਬੱਧ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਰਮਜੀਤ ਕੌਰ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਮਹਿਲਾ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮਹਿਲਾ ਕਾਂਗਰਸ ਦੀ ਨਵ-ਨਿਯੁਕਤ ਪ੍ਰਧਾਨ ਨੇ ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੰਜਾਬ ਮਹਿਲਾ ਕਾਂਗਰਸ ਦੀ ਐਕਟਿੰਗ ਪ੍ਰਧਾਨ ਬਲਜੀਤ ਕੌਰ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਮੁਹਾਲੀ ਦੇ ਹਰ ਸ਼ਹਿਰੀ ਅਤੇ ਪੇਂਡੂ ਖੇਤਰ ’ਚ ਮਹਿਲਾ ਕਾਂਗਰਸ ਨੂੰ ਸੰਗਠਿਤ ਕਰਨ, ਵੱਧ ਤੋਂ ਵੱਧ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਨ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰਨਗੇ। ਇਸ ਮੌਕੇ ਸਰਪੰਚ ਸਤਿੰਦਰ ਸਿੰਘ ਸੱਤੀ, ਬਲਜੀਤ ਕੌਰ, ਜਸਲੀਨ ਕੌਰ, ਅਰਸ਼ ਪਡਿਆਲਾ, ਜਸਵਿੰਦਰ ਕੌਰ ਅਤੇ ਮਨਜੀਤ ਕੌਰ ਵੀ ਹਾਜ਼ਰ ਸਨ।
ਕਾਂਗਰਸੀ ਆਗੂ ਜੀਤੀ ਪਡਿਆਲਾ ਨਾਲ ਨਵ-ਨਿਯੁਕਤ ਪ੍ਰਧਾਨ ਪਰਮਜੀਤ ਕੌਰ ਨੇ ਕੀਤੀ ਮੁਲਾਕਤ
ਅਜੀਤ ਡੈਸਕ
22-06-2026