ਸ੍ਰੀ ਚਮਕੌਰ ਸਾਹਿਬ, 25 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਗਾਮੀ ਵਿਧਾਨ ਸਭਾ ਚੋਣ ਨਸ਼ੇ ਨਾ ਵੰਡਣ ਦੀ ਸਹੰੁ ਚੁੱਕ ਕੇ ਲੜਨ, ਫਿਰ ਪਤਾ ਲੱਗੇਗਾ ਕਿ ਉਨ੍ਹਾ ਦੀ ਜਿੱਤ ਕਿੰਨੀ ਕੁ ਆਸਾਨ ਹੁੰਦੀ ਹੈ | ਸੰਧੂ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਚੰਨੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸ੍ਰੀ ਚੰਨੀ ਨੇ ਹਮੇਸ਼ਾ ਆਪਣੇ ਮੁਫ਼ਾਦ ਵੇਖੇ ਹਨ, ਜਿਸ ਕਾਰਨ ਹੀ ਉਨ੍ਹਾ ਸ੍ਰੀ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਧੌਲਰਾਂ ਦੀ ਉਪਜਾਊ ਜ਼ਮੀਨ ਕੌਡੀਆਂ ਦੇ ਭਾਅ ਕਾਨੰੂਨੀ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਰਪੋਰੇਟ ਘਰਾਣੇ ਦੇ ਨਾਂ ਕਰਵਾ ਦਿੱਤੀ ਤੇ ਅੱਜ ਇਲਾਕੇ ਦੇ ਲੋਕ ਉਕਤ ਘਰਾਣੇ ਵਲੋਂ ਖ਼ਰੀਦੀ ਜ਼ਮੀਨ ਤੇ ਲੱਗਣ ਜਾ ਰਹੀ ਪੇਪਰ ਮਿੱਲ ਦਾ ਵਿਰੋਧ ਕਰਨ ਲਈ ਸੰਘਰਸ਼ ਕਰ ਰਹੇ ਹਨ | ਸ੍ਰੀ ਸੰਧੂ ਨੇ ਕਿਹਾ ਕਿ ਸ੍ਰੀ ਚੰਨੀ ਜਾਣ ਬੁੱਝ ਕੇ ਦਲਿਤ ਪੱਤਾ ਖੇਡ ਰਹੇ ਹਨ, ਜੱਦੋ ਕਿ ਇਨ੍ਹਾਂ ਨੂੰ ਰਾਜਨੀਤੀ ਵਿਚ ਬਹੁਤ ਵੱਡੇ ਵੱਡੇ ਕੌਮੀ ਪੱਧਰ ਤੱਕ ਦੇ ਅਹੁਦੇ ਮਿਲੇ ਹਨ ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਡਰਾਮੇਬਾਜ਼ੀ ਛੱਡ ਕੇ ਸਾਫ਼ ਸੁਥਰੀ ਰਾਜਨੀਤੀ ਕਰਨ |