ਘਨੌਲੀ, 11 ਜੂਨ (ਜਸਵੀਰ ਸਿੰਘ ਸੈਣੀ)- ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ | ਇਹ ਧਰਨਾ ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਮੁਤਾਬਿਕ 15-06-2026 ਤੱਕ ਲਗਾਤਾਰ ਸਮੁੱਚੇ ਪੰਜਾਬ 'ਚ ਆਊਟਸੋਰਸਡ ਠੇਕਾ ਮੁਲਾਜ਼ਮਾਂ ਵਲੋਂ ਦਿਨ ਰਾਤ ਦਿੱਤਾ ਜਾ ਰਿਹਾ ਹੈ | ਧਰਨੇ ਦੌਰਾਨ ਸਾਂਝਾ ਮੰਚ ਵਲੋਂ ਰੂਪਨਗਰ ਥਰਮਲ ਪਲਾਂਟ ਦੇ ਨੇੜੇ ਤੇੜੇ ਦੇ ਪਿੰਡਾਂ 'ਚ ਝੰਡਾ ਮਾਰਚ ਤਿਆਰੀ ਕਰ ਲਈ ਗਈ ਹੈ | ਜੇਕਰ ਪੰਜਾਬ ਸਰਕਾਰ ਵਲੋਂ 15-06-2026 ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਤਾਂ ਸਮੁੱਚੇ ਪੰਜਾਬ ਦੇ ਆਊਟਸੋਰਸਡ ਮੁਲਾਜ਼ਮ ਪਰਿਵਾਰਾਂ ਤੇ ਬੱਚਿਆਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨਾ ਦੇਣਗੇ | ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੀਰਾ, ਮੀਤ ਪ੍ਰਧਾਨ ਕਰਣਵੀਰ ਸਿੰਘ, ਮੀਡੀਆ ਇੰਚਾਰਜ ਗੁਰਮੀਤ ਸਿੰਘ ਮੀਤਾ, ਇਕਾਈ ਪ੍ਰਧਾਨ ਸੌਦਾਗਰ ਸਿੰਘ, ਰੁਪਿੰਦਰ ਪਾਲ ਸਿੰਘ ਫੂਲ, ਪ੍ਰੈੱਸ ਸਕੱਤਰ ਚਰਨਜੀਤ ਸਿੰਘ ਚੰਨੀ ਤੇ ਹੋਰ ਆਗੂ ਸ਼ਾਮਲ ਹੋਏ | ਕਿਸਾਨ ਆਗੂ ਬੁਲਾਰਿਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਵੱਧ ਗਿਣਤੀ ਵਿਚ ਧਰਨੇ ਵਿਚ ਸ਼ਾਮਲ ਹੋਵਾਂਗੇ ਤੇ ਤੁਹਾਡੇ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲਿਆਂਗੇ | ਕੁੱਝ ਹੋਰ ਭਰਾਤਰੀ ਜੱਥੇਬੰਦੀਆਂ ਨੇ ਵੀ ਇਸ ਧਰਨੇ ਵਿਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ | ਉਹਨਾਂ ਨੇ ਕਿਹਾ ਕਿ ਜੇਕਰ ਇਸ ਸੰਘਰਸ਼ ਦੌਰਾਨ ਪੰਜਾਬ ਵਿਚ ਬਹੁਤ ਵੱਡਾ ਬਿਜਲੀ ਸੰਕਟ ਪੈਦਾ ਹੋਣ ਵਾਲਾ ਹੈ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪੀ.ਐਸ.ਪੀ. ਸੀ.ਐਲ. ਮੈਨੇਜਮੈਂਟ ਦੀ ਹੋਵੇਗੀ | ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ | ਕਮੇਟੀ ਅਨੁਸਾਰ 15 ਜੂਨ ਤੱਕ ਹਰ ਹਾਲਤ ਵਿਚ ਆਊਟਸੋਰਸਡ ਕਾਮਿਆਂ ਨੂੰ ਜੁਆਇਨਿੰਗ ਲੈਟਰ ਮਿਲਣੇ ਚਾਹੀਦੇ ਹਨ | ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਜਸਕਰਨ ਸਿੰਘ, ਮਾਸਟਰ ਬਲਬੀਰ ਸਿੰਘ, ਪਰਗਟ ਸਿੰਘ ਘਨੌਲੀ, ਬਲਵਿੰਦਰ ਸਿੰਘ ਸਸਕੌਰ, ਗੁਰਿੰਦਰ ਸਿੰਘ ਘਨੌਲੀ, ਮਨਪ੍ਰੀਤ ਸਿੰਘ, ਸਾਹਿਲ ਮਲਹੋਤਰਾ, ਰਾਮਾਨੰਦ ਤੇ ਕੈਪਟਨ ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਨੀਲੋਂ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ |