ਸੁਖਸਾਲ, 12 ਜੂਨ (ਧਰਮ ਪਾਲ)- ਸਵਾਂ ਨਦੀ ਵਿਚ ਕਥਿਤ ਤੌਰ ‘ਤੇ ਜ਼ੋਰ-ਸ਼ੋਰ ਨਾਲ ਚੱਲ ਰਹੀ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਸਰਕਾਰੀ ਤੌਰ ‘ਤੇ ਮਾਈਨਿੰਗ ਬੰਦ ਹੈ ਤਾਂ ਫਿਰ ਸਵਾਂ ਨਦੀ ਵਿਚ ਇਹ ਕੰਮ ਕਿਸ ਦੀ ਮਨਜ਼ੂਰੀ ਜਾਂ ਇਸ਼ਾਰੇ ‘ਤੇ ਕੀਤਾ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਵਲੋਂ ਸਮੇਂ-ਸਮੇਂ ‘ਤੇ ਰੇਡ ਕਰਕੇ ਕੁੱਝ ਵਿਅਕਤੀਆਂ ਨੂੰ ਕਾਬੂ ਤਾਂ ਕੀਤਾ ਜਾਂਦਾ ਹੈ ਪਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕਰਕੇ ਸਿਰਫ਼ ਰਸਮੀ ਕਾਰਵਾਈ ਕੀਤੀ ਜਾਂਦੀ ਹੈ, ਜਿਸ ਨਾਲ ਅਸਲ ਜ਼ੁੰਮੇਵਾਰਾਂ ਤੱਕ ਕਾਰਵਾਈ ਨਹੀਂ ਪਹੁੰਚਦੀ। ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਇਹ ਮਾਈਨਿੰਗ ਨਾਜਾਇਜ਼ ਹੈ ਤਾਂ ਇਸ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਬੰਦ ਕਰਵਾਇਆ ਜਾਵੇ। ਜੇਕਰ ਇਹ ਕਾਨੂੰਨੀ ਤੌਰ ‘ਤੇ ਹੋ ਰਹੀ ਹੈ ਤਾਂ ਪ੍ਰਸ਼ਾਸਨ ਲੋਕਾਂ ਨੂੰ ਸਪਸ਼ਟ ਕਰੇ ਕਿ ਇਸ ਦੀ ਮਨਜ਼ੂਰਸ਼ੁਦਾ ਡੂੰਘਾਈ ਕੀ ਹੈ, ਇਹ ਕਿੰਨੇ ਸਮੇਂ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਨਿਯਮ ਕੀ ਹਨ। ਇਸ ਮੌਕੇ ਸਥਾਨਕ ਲੋਕਾਂ ਨੇ ਇਹ ਵੀ ਚਿੰਤਾ ਜਤਾਈ ਕਿ ਮਾਈਨਿੰਗ ਕਾਰਨ ਸਵਾ ਨਦੀ ਵਿਚ ਬਣੇ ਬਹੁਤ ਡੂੰਘੇ ਖੱਡੇ ਜਾਨਲੇਵਾ ਸਾਬਤ ਹੋ ਰਹੇ ਹਨ ਅਤੇ ਇਨ੍ਹਾਂ ਵਿਚ ਡਿੱਗਣ ਕਾਰਨ ਹੁਣ ਤੱਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਜਿਸ ਕਾਰਨ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਵਾ ਨਦੀ ਵਿਚ ਕਥਿਤ ਨਾਜਾਇਜ਼ ਮਾਈਨਿੰਗ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ ਅਤੇ ਜੇਕਰ ਕੋਈ ਮਾਈਨਿੰਗ ਮਾਫ਼ੀਆ ਇਸ ਗਤੀਵਿਧੀ ਵਿਚ ਸ਼ਾਮਲ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਭਵਿੱਖ ਵਿਚ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਈ ਜਾਵੇ। ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਐਲਗਰਾਂ ਤੇ ਹੋਰ ਨੁਮਾਇੰਦਿਆਂ ਨੇ ਕਿਹਾ ਕਿ ਹਾਈਕੋਰਟ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਲਈ ਰੋਕ ਦੇ ਬਾਵਜੂਦ ਵੀ ਮਾਈਨਿੰਗ ਬਿਨਾਂ ਰੋਕ ਟੋਕ ਜੰਗੀ ਪੱਧਰ ‘ਤੇ ਕਿਸ ਦੇ ਇਸ਼ਾਰੇ ‘ਤੇ ਚੱਲ ਰਹੀ ਹੈ ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਮਜਬੂਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਡੇ ਇਲਾਕੇ ਵਿਚ ਜੰਗੀ ਪੱਧਰ ‘ਤੇ ਹੋ ਰਹੀ ਨਜਾਇਜ਼ ਮਾਈਨਿੰਗ ਪੱਕੇ ਤੌਰ ‘ਤੇ ਬੰਦ ਕਰਵਾ ਕੇ ਲੋਕਾਂ ਨੂੰ ਸਹਿਮ ਦੇ ਮਾਹੌਲ ਵਿਚੋਂ ਕੱਢਿਆ ਜਾਵੇ।