02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅੱਧੇ ਘੰਟੇ ਦੀ ਬਾਰਿਸ਼ ਨਾਲ ਹੀ ਤਲਾਬ ਦਾ ਰੂਪ ਧਾਰਨ ਕਰ ਜਾਂਦਾ ਹੈ ਬੰਗਾ ਦਾ ਬੱਸ ਅੱਡਾ

Ad Position 21
No active advertisement
ਅਜੀਤ ਡੈਸਕ 13-06-2026
ਬੰਗਾ, 12 ਜੂਨ (ਧਰਮਵੀਰ ਪਾਲ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪ੍ਰਮੁੱਖ ਸ਼ਹਿਰ ਬੰਗਾ ਵਿਕਾਸ ਦੇ ਦਾਅਵਿਆਂ ਦੇ ਬਾਵਜੂਦ ਅੱਜ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਹੈ। ਖ਼ਾਸ ਕਰਕੇ ਬੰਗਾ ਦਾ ਮੁੱਖ ਬੱਸ ਅੱਡਾ ਥੋੜੀ ਬਾਰਿਸ਼ ਤੋਂ ਬਾਅਦ ਗੰਭੀਰ ਸਮੱਸਿਆ ਦਾ ਕੇਂਦਰ ਬਣ ਜਾਂਦਾ ਹੈ। ਹਾਲਾਤ ਇੰਨੇ ਮਾੜੇ ਹਨ ਕਿ ਕੇਵਲ ਅੱਧੇ ਘੰਟੇ ਦੀ ਬਾਰਿਸ਼ ਨਾਲ ਹੀ ਪੂਰਾ ਬੱਸ ਅੱਡਾ ਤਲਾਬ ਦਾ ਰੂਪ ਧਾਰ ਲੈਂਦਾ ਹੈ, ਜਿਸ ਕਾਰਨ ਯਾਤਰੀਆਂ, ਰਾਹਗੀਰਾਂ ਤੇ ਵਪਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਇਸ ਬੱਸ ਅੱਡੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ, ਪਰ ਹਰ ਬਾਰਿਸ਼ ਦੇ ਮੌਸਮ ਵਿਚ ਇਸ ਦੀਆਂ ਖਾਮੀਆਂ ਸਾਹਮਣੇ ਆ ਜਾਂਦੀਆਂ ਹਨ। ਬੱਸ ਅੱਡੇ ਦੇ ਅੰਦਰ ਪਾਣੀ ਭਰ ਜਾਣ ਕਾਰਨ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਜਦਕਿ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਭਾਵੇਂ ਸਰਕਾਰੀ ਬੱਸਾਂ ਦੀ ਆਵਾਜਾਈ ਅਜੇ ਵੀ ਬੱਸ ਅੱਡੇ ਅੰਦਰੋਂ ਨਹੀਂ ਹੋ ਰਹੀ ਪਰ ਪ੍ਰਾਈਵੇਟ ਬੱਸਾਂ, ਟੈਂਪੂ, ਆਟੋ ਰਿਕਸ਼ਾ ਤੇ ਹੋਰ ਸਵਾਰੀ ਵਾਹਨ ਇੱਥੇ ਯਾਤਰੀਆਂ ਦੀ ਉਡੀਕ ਲਈ ਖੜ੍ਹੇ ਰਹਿੰਦੇ ਹਨ। ਬਾਰਿਸ਼ ਦੌਰਾਨ ਪਾਣੀ ਭਰਨ ਕਾਰਨ ਇਨ੍ਹਾਂ ਚਾਲਕਾਂ ਦਾ ਕੰਮ-ਕਾਜ ਲਗਪਗ ਠੱਪ ਹੋ ਜਾਂਦਾ ਹੈ। ਬੱਸ ਅੱਡੇ ਅੰਦਰ ਸਥਿਤ ਰਾਜਾ ਸਾਹਿਬ ਟੈਕਸੀ ਸਟੈਂਡ ਦੇ ਡਰਾਈਵਰਾਂ ਨੇ ਦੱਸਿਆ ਕਿ ਥੋੜੀ ਜਿਹੀ ਬਾਰਿਸ਼ ਵੀ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਅਸਰ ਪਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਖੜ੍ਹ ਜਾਂਦਾ ਹੈ ਤਾਂ ਯਾਤਰੀ ਬੱਸ ਅੱਡੇ ਅੰਦਰ ਆਉਣ ਤੋਂ ਕਤਰਾਉਂਦੇ ਹਨ, ਜਿਸ ਕਾਰਨ ਟੈਕਸੀ, ਆਟੋ ਤੇ ਟੈਂਪੂ ਚਾਲਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਮੱਸਿਆ ਸਿਰਫ਼ ਬੱਸ ਅੱਡੇ ਤੱਕ ਹੀ ਸੀਮਤ ਨਹੀਂ ਹੈ। ਬੰਗਾ ਸ਼ਹਿਰ ਦੀਆਂ ਕਈ ਗਲੀਆਂ ਅਤੇ ਮੁੱਖ ਸੜਕਾਂ ਵੀ ਮੀਂਹ ਦੌਰਾਨ ਜਲ ਭਰਾਅ ਦੀ ਸਮੱਸਿਆ ਦਾ ਸਾਹਮਣਾ ਕਰਦੀਆਂ ਹਨ। ਗੁਲਾਮੀ ਸ਼ਾਹ ਰੋਡ ਸਮੇਤ ਕਈ ਇਲਾਕਿਆਂ ਵਿੱਚ ਬਾਰਸ਼ ਦੇ ਨਾਲ ਹੀ ਨਾਲੀਆਂ ਦਾ ਗੰਦਾ ਪਾਣੀ ਸੜਕਾਂ ‘ਤੇ ਆ ਜਾਂਦਾ ਹੈ, ਜਿਸ ਕਾਰਨ ਦੁਕਾਨਦਾਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਥਾਵਾਂ ‘ਤੇ ਬਰਸਾਤੀ ਤੇ ਸੀਵਰੇਜ ਪਾਣੀ ਘਰਾਂ ਵਿਚ ਦਾਖ਼ਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਾਰਿਸ਼ ਦੇ ਮੌਸਮ ਵਿਚ ਇਹੀ ਹਾਲਾਤ ਬਣਦੇ ਹਨ, ਪਰ ਸਮੱਸਿਆ ਦੇ ਸਥਾਈ ਹੱਲ ਵੱਲ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਸੰਬੰਧੀ ਐਮ. ਸੀ. ਹਿੰਮਤ ਤੇਜਪਾਲ ਤੇ ਜਸਵਿੰਦਰ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਗਰ ਕੌਂਸਲ ਨੂੰ ਪ੍ਰਧਾਨ ਨਾ ਮਿਲਣ ਕਾਰਨ ਕਈ ਵਿਕਾਸ ਕਾਰਜ ਪ੍ਰਭਾਵਿਤ ਰਹੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਬੱਸ ਅੱਡੇ ਦੀ ਸਫ਼ਾਈ ਅਤੇ ਪਾਣੀ ਦੇ ਨਿਕਾਸ ਲਈ ਲੱਖਾਂ ਰੁਪਏ ਦਾ ਟੈਂਡਰ ਪਾਸ ਹੋਇਆ ਸੀ, ਪਰ ਉਸ ਅਨੁਸਾਰ ਕੰਮ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬੱਸ ਅੱਡੇ ਅਤੇ ਸ਼ਹਿਰ ਦੀ ਡਰੇਨੇਜ ਪ੍ਰਣਾਲੀ ਨੂੰ ਤੁਰੰਤ ਸੁਧਾਰਿਆ ਜਾਵੇ। ਇਸ ਸੰਬੰਧੀ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਹੁਣ ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਚੁੱਕਾ ਹੈ ਅਤੇ ਪ੍ਰਧਾਨ ਦੀ ਚੋਣ ਤੋਂ ਬਾਅਦ ਇਸ ਸਮੱਸਿਆ ਦਾ ਸਥਾਈ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬੱਸ ਅੱਡੇ ਨੂੰ ਉੱਚਾ ਚੁੱਕ ਕੇ ਬਣਾਇਆ ਜਾਵੇਗਾ ਅਤੇ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਇੱਕ ਤੋਂ ਡੇਢ ਮਹੀਨੇ ਵਿਚ ਲੋਕਾਂ ਨੂੰ ਇਸ ਮੁਸ਼ਕਲ ਤੋਂ ਵੱਡੀ ਰਾਹਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਕਰੇਟਾ ਕਾਰ ਨੇ ਟਰੈਕਟਰ ਨੂੰ ਮਾਰੀ ਪਿੱਛੋਂ ਟੱਕਰ ਹਾਦਸੇ ’ਚ ਟਰੈਕਟਰ ਦੀਆਂ ਪਈਆਂ ਬਾਜੀਆਂ, ਚਾਲਕ ਹੋਇਆ ਜ਼ਖ਼ਮੀ ਅਗਲੀ ਖ਼ਬਰ ਸਵਾ ਨਦੀ ’ਚ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਲੋਕਾਂ ’ਚ ਰੋਸ, ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ
Ad Position 24
No active advertisement