ਰੂਪਨਗਰ, 9 ਜੁਲਾਈ (ਯਸ਼ਵੰਤ ਬੱਸੀ)-ਭਾਰਤੀ ਜਨਤਾ ਪਾਰਟੀ ਵਲੋਂ ਅੱਜ ਰੂਪਨਗਰ ਵਿਖੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਵਿਸ਼ੇਸ਼ ਸੰਗਠਨਾਤਮਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੇ ਰੂਪਨਗਰ ਪਹੁੰਚਣ ’ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅੱਜ ਪਹਿਲਾਂ ਨਾਲੋਂ ਕਈ ਗੁਣਾ ਮਜ਼ਬੂਤ ਸਥਿਤੀ ਵਿਚ ਹੈ ਅਤੇ ਪੰਜਾਬ ਦੇ ਲੋਕ ਹੁਣ ਇੱਕ ਮਜ਼ਬੂਤ, ਇਮਾਨਦਾਰ ਅਤੇ ਵਿਕਾਸਮੁਖੀ ਸਰਕਾਰ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਪੰਜਾਬ ਆਪਣੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਸੂਬੇ ਦਾ ਕਰਜ਼ਾ ਲਗਾਤਾਰ ਵੱਧ ਰਿਹਾ ਹੈ, ਗੈਂਗਸਟਰਵਾਦ ਨੇ ਕਾਨੂੰਨ ਵਿਵਸਥਾ ਨੂੰ ਗੰਭੀਰ ਚੁਣੌਤੀ ਦਿੱਤੀ ਹੈ ਅਤੇ ਨਸ਼ਿਆਂ ਦਾ ਮੁੱਦਾ ਵੀ ਚਿੰਤਾਜਨਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਪੰਜਾਬ ਦੀ ਗੈਰ ਕਾਨੂੰਨੀ ਮਾਈਨਿੰਗ ਦੀ ਰਾਜਧਾਨੀ ਬਣ ਚੁੱਕਾ ਹੈ, ਜੋ ਸਰਕਾਰ ਦੀ ਨਾਕਾਮੀ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੁੱਦੇ ਨੂੰ ਲੋਕਾਂ ਵਿਚਕਾਰ ਜ਼ੋਰਦਾਰ ਢੰਗ ਨਾਲ ਉਠਾਏਗੀ ਅਤੇ ਹਰ ਵਰਗ ਦੀ ਆਵਾਜ਼ ਬਣੇਗੀ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲਾਲਪੁਰਾ ਦੇ ਕੰਮ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਲਾਲਪੁਰਾ ਨੇ ਜ਼ਿਲ੍ਹੇ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਸੰਗਠਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਚੋਣ ਰਣਨੀਤੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਛੂਹ ਰਿਹਾ ਹੈ ਅਤੇ ਪੰਜਾਬ ਦੇ ਲੋਕ ਵੀ ਹੁਣ ਇਸ ਵਿਕਾਸ ਯਾਤਰਾ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਸ ਮੌਕੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਭਾਜਪਾ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਵਿਚ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ ਅਤੇ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਹਰ ਵਰਕਰ ਨੂੰ ਪੂਰੀ ਸਮਰਪਣ ਭਾਵਨਾ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ -ਘਰ ਤੱਕ ਪਹੁੰਚਾਉਣਾ ਹੀ ਸੰਗਠਨ ਦੀ ਸਭ ਤੋਂ ਵੱਡੀ ਤਰਜੀਹ ਹੈ। ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸਮੂਹ ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਪੜ ਜ਼ਿਲ੍ਹੇ ਦਾ ਹਰ ਭਾਜਪਾ ਵਰਕਰ ਦਿਨ ਰਾਤ ਇੱਕ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਬੂਥ ਪੱਧਰ ਤੱਕ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਹਰ ਘਰ ਤੱਕ ਭਾਜਪਾ ਦੀ ਸੋਚ ਅਤੇ ਨੀਤੀਆਂ ਪਹੁੰਚਾਈਆਂ ਜਾਣਗੀਆਂ। ਰੋਪੜ ਸਰਕਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਮੀਟਿੰਗ ਵਿਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰਸਿੱਧ ਗਾਇਕ ਮਦਨ ਸ਼ੌਂਕੀ ਨੇ ਕੀਤਾ। ਇਸ ਮੌਕੇ ਮੀਤ ਪ੍ਰਧਾਨ ਪੰਜਾਬ ਭਾਜਪਾ ਡਾ. ਸ਼ੁਭਾਸ਼ ਸ਼ਰਮਾ, ਰੋਸ਼ਨ ਲਾਲ ਟੇਢੇਵਾਲ, ਧਰਮਿੰਦਰ ਸਿੰਘ ਭਿੰਦਾ, ਨਵੀਨ ਕੁਮਾਰ, ਪ੍ਰਿੰਸ ਕੌਸ਼ਿਕ, ਸੁਰਜੀਤ ਸਿੰਘ ਘਨੌਲੀ, ਰਮਨ ਜਿੰਦਲ, ਮਦਨ ਅਬਿਆਣਾ, ਦਰਸ਼ਨ ਸਿੰਘ, ਮਾਨ ਸਿੰਘ ਚਨੌਲੀ, ਰਾਕੇਸ਼ ਕੁਮਾਰ ਗੋਝਾ, ਰਾਜੇਸ਼ਵਰ ਰਾਣਾ, ਬਾਲਕ੍ਰਿਸ਼ਨ ਕੁੱਕੂ, ਵਰਿੰਦਰ ਰਾਣਾ, ਇੰਦਰਪਾਲ ਸਿੰਘ ਲੋਹਗੜ੍ਹ, ਸਤਨਾਮ ਸਿੰਘ ਸੱਤੂ, ਸੰਤੋਖ ਸਿੰਘ ਝੱਜ,ਵਰਿੰਦਰ ਵਿੱਕੀ, ਗੁਰਨੈਬ ਸਿੰਘ, ਧਰਮਿੰਦਰ ਸਿੰਘ, ਕੁਲਜਿੰਦਰ ਸਿੰਘ ਲਾਲਪੁਰਾ, ਅਨਿਲ ਸਿੰਘ, ਡਾ. ਰਾਮ, ਅਸ਼ੋਕ ਕੁਮਾਰ, ਰਾਮਪਾਲ ਬਾਜ਼ਾਦ, ਡਾ. ਇੰਦਰਜੀਤ ਸਿੰਘ, ਨੰਦ ਲਾਲ ਦੁੱਗਰੀ, ਰਿਪਨਜੀਤ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਮਨਦੀਪ ਸੈਣੀ, ਕੌਂਸਲਰ ਕਰਮਜੀਤ ਕੌਰ, ਕੌਂਸਲਰ ਕਿਰਨ ਗੁਪਤਾ, ਕੌਂਸਲਰ ਜਸਬੀਰ ਕੌਰ, ਵਿਸ਼ੂ ਕਪਿਲਾ, ਕਮਲਜੀਤ ਸਿੰਘ, ਰਾਜ ਕੁਮਾਰ ਰਾਣਾ, ਅਮਰਜੀਤ ਸਿੰਘ, ਐਡਵੋਕੇਟ ਵਿਕਾਸ ਵਾਲੀਆ, ਜੀਤ ਕੁਮਾਰ ਵਰਮਾ, ਰਾਜੀਵ ਕ੍ਰਿਪਲਾਨੀ, ਅੰਕੁਰ ਗੁਪਤਾ, ਪੰਕਜ ਸ਼ਰਮਾ, ਕਰਨ ਕੌਸ਼ਲ, ਸਤਬੀਰ ਰਾਣਾ, ਨਿਪੁਣ ਸੋਨੀ, ਰਾਜੇਸ਼ ਚੌਧਰੀ, ਅਭਿਸ਼ੇਕ ਅਗਨੀਹੋਤਰੀ, ਅਸ਼ਵਨੀ ਸ਼ਰਮਾ, ਸੁਰਿੰਦਰਪਾਲ ਸੇਠੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।