ਸ੍ਰੀ ਅਨੰਦਪੁਰ ਸਾਹਿਬ, 9 ਜੁਲਾਈ (ਕਰਨੈਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਵਰਕਰ ਯੂਨੀਅਨ ਪੰਜਾਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਆਗੂਆਂ ਦੀ ਮੀਟਿੰਗ ਪ੍ਰਧਾਨ ਮੱਖਣ ਕਾਲਸ, ਜਸਪਾਲ ਸਿੰਘ ਬੱਬਾ ਨੂਰਪੁਰ ਬੇਦੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ਵਿਖੇ ਹੋਈ। ਇਸ ਮੌਕੇ ਡਵੀਜ਼ਨ ਪ੍ਰਧਾਨ ਕਪਿਲ ਮਹਿੰਦਲੀ ਅਤੇ ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ ਵੀ ਇਸ ਮੀਟਿੰਗ ਦਾ ਹਿੱਸਾ ਬਣੇ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਮੱਖਣ ਕਾਲਸ ਅਤੇ ਗੁਰਮੁਖ ਸਿੰਘ ਕਲੋਤਾ ਨੇ ਦੱਸਿਆ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਅੱਗੇ ਜ਼ੋਰਦਾਰ ਤਰੀਕੇ ਨਾਲ ਆਪਣੀ ਪ੍ਰਮੁੱਖ ਮੰਗ 2800 ਇਨਲਿਸਟਮੈਂਟ ਮੁਲਾਜ਼ਮਾਂ ਨੂੰ ਨਵੇਂ ਬਣ ਰਹੇ ਬਿੱਲ ‘ਚ ਸ਼ਾਮਿਲ ਕੀਤੇ ਜਾਣ ਬਾਰੇ ਰੱਖੀ। ਜਿਸ ‘ਤੇ ਮੰਤਰੀ ਨੇ ਕਿਹਾ ਕਿ ਇਹ ਮਸਲਾ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ 30 ਮਈ ਨੂੰ ਪੰਜਾਬ ਸਰਕਾਰ ਨੇ ‘’ਦੀ ਪੰਜਾਬ ਸਟੇਟ ਆਊਟਸੋਰਸਡ ਪਰਸਨਲ ਬਿੱਲ- 2026’’ ਅਤੇ ਆਰਡੀਨੈਂਸ ਬਣਾਉਣ ਦਾ ਐਲਾਨ ਕੀਤਾ ਸੀ, ਪਰ ਹੁਣ ਤੱਕ ਨਾ ਤਾਂ ਬਿੱਲ ਲਾਗੂ ਕੀਤਾ ਗਿਆ ਅਤੇ ਨਾ ਹੀ ਆਰਡੀਨੈਂਸ ਲਿਆਂਦਾ ਗਿਆ। ਉਪਰੋਕਤ ਮੰਗਾਂ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਆਰਡੀਨੈਂਸ ਗਵਰਨਰ ਪੰਜਾਬ ਨੂੰ ਭੇਜ ਦਿੱਤਾ ਹੈ ਅਤੇ ਹੁਣ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ । ਜਲਦ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ ਦੇਣਗੇ । ਇਸ ਮੌਕੇ ਡਵੀਜ਼ਨ ਪ੍ਰਧਾਨ ਕਪਿਲ ਮਹਿੰਦਲੀ ਨੇ ਕਿਹਾ ਕਿ ਬੇਸ਼ੱਕ ਸਿੱਖਿਆ ਮੰਤਰੀ ਨੇ ਆਊਟਸੋਰਸ ਅਤੇ ਇੰਨਲਿਟਸਮੈਂਟ ਮੁਲਾਜ਼ਮ ਦੀਆਂ ਮੰਗਾਂ ਹੱਲ ਕਰਨ ਅਤੇ ਪੱਕੇ ਕਰਨ ਦਾ ਵਾਅਦਾ ਕੀਤਾ ਪਰ ਉਹ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ । ਮੁੱਖ ਮੰਤਰੀ ਦਾ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ‘ਚ ਆਉਣ ‘ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੀਟਿੰਗ ‘ਚ ਉਕਤ ਤੋਂ ਇਲਾਵਾ ਜੱਸੀ ਕੀਰਤਪੁਰ, ਹਰਜਿੰਦਰ ਸਿੰਘ ਗੋਲਡੀ ਰਾਣਾ, ਇੰਦਰ ਰਾਣਾ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ ।