02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਜਾਬੀ ’ਵਰਸਿਟੀ ਤੇ ‘ਰੀਪ ਬੈਨੇਫਿਟ’ ਬੰਗਲੁਰੂ ਦਰਮਿਆਨ ਅਹਿਮ ਇਕਰਾਰਨਾਮਾ ਸਹੀਬੱਧ

Ad Position 21
No active advertisement
ਅਜੀਤ ਡੈਸਕ 11-07-2026
ਪਟਿਆਲਾ, 10 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਤੇ ਪ੍ਰਸਿੱਧ ਸੰਸਥਾ ‘ਰੀਪ ਬੈਨੇਫਿਟ’ ਬੇਂਗਲੁਰੂ ਦਰਮਿਆਨ ਇਕ ਵਿਸ਼ੇਸ਼ ਇਕਰਾਰਨਾਮਾ ਸਹੀਬੱਧ ਹੋਇਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਮੌਜੂਦਗੀ ਵਿਚ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਰਾਹੀਂ ਹੋਏ ਇਸ ਇਕਰਾਰਨਾਮੇ ‘ਤੇ ਪੰਜਾਬੀ ਯੂਨੀਵਰਸਿਟੀ ਵਲੋਂ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਤੇ ‘ਰੀਪ ਬੈਨੇਫੀਟ’ ਵਲੋਂ ਪੰਜਾਬ ਓਪਰੇਸ਼ਨਜ਼ ਦੀ ਮੁਖੀ ਨਵਨੀਤ ਕੌਰ ਨੇ ਅਧਿਕਾਰਤ ਤੌਰ ‘ਤੇ ਦਸਤਖ਼ਤ ਕੀਤੇ। ਡਾ. ਜਗਦੀਪ ਸਿੰਘ ਨੇ ਇਸ ਭਾਈਵਾਲੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਇਕਰਾਰਨਾਮਾ ਦੋਵਾਂ ਸੰਸਥਾਵਾਂ ਦੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਖੋਜ ਸੰਬੰਧੀ ਨਵੀਨਤਮ ਪ੍ਰੋਗਰਾਮਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੁਵਕ ਅਗਵਾਈ ਤੇ ਹੁਨਰ ਨਿਰਮਾਣ ਸਕਿੱਲ, ਸਮੱਸਿਆ ਨਿਵਾਰਨ ਦੇ ਹੁਨਰ ਤੇ ਮਾਹਰਾਂ ਦੇ ਵਿਸ਼ੇਸ਼ ਸੈਸ਼ਨਾਂ ਵਰਗੀਆਂ ਉੱਚ-ਪੱਧਰੀ ਗਤੀਵਿਧੀਆਂ ਵਿਚ ਭਾਗ ਲੈਣ ਦੇ ਬਿਹਤਰੀਨ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਤੇ ਉਨ੍ਹਾਂ ਦੀ ਰੁਚੀ ਅਨੁਸਾਰ ਸਰਗਰਮੀਆਂ ਵਿਚ ਭਾਗੀਦਾਰੀ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ‘ਵਟਸਐਪ ਚੈਟਬੋਟ’ ਪਲੇਟਫਾਰਮ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਨਾਲ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਯੋਜਨਾ ਤੇ ਨਿਰੀਖਣ ਡਾ. ਸੁਖਜੀਤ ਕੌਰ ਤੇ ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਵੀ ਮੌਜੂਦ ਸਨ। ਡਾ. ਅਨਹਦ ਸਿੰਘ ਗਿੱਲ ਨੇ ਧੰਨਵਦੀ ਭਾਸ਼ਨ ਦੌਰਾਨ ਸਮਝੌਤੇ ਦੀਆਂ ਬਰੀਕੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਇਸ ਤਹਿਤ ਵਿਦਿਆਰਥੀਆਂ ਨੂੰ ਆਪਣੇ ਨਿਵੇਕਲੇ ਤੇ ਨਵੀਨਤਮ ਵਿਚਾਰ ਪੇਸ਼ ਕਰਨ ਲਈ ਇਕ ਵਿਲੱਖਣ ਮੰਚ ਮਿਲੇਗਾ। ਇੰਨਾ ਹੀ ਨਹੀਂ, ਵਿਦਿਆਰਥੀਆਂ ਦੇ ਸ਼ਾਨਦਾਰ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਸੰਸਥਾ ਵਲੋਂ ‘ਸੀਡ ਫੰਡ’ ਵੀ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਭਵਿੱਖ ’ਚ ਐੱਨ. ਐੱਸ. ਐੱਸ ਵਿਭਾਗ ਦੀਆਂ ਸਮੁੱਚੀਆਂ ਗਤੀਵਿਧੀਆਂ ਨੂੰ ਸੁਚਾਰੂ, ਪਾਰਦਰਸ਼ੀ ਤੇ ਆਧੁਨਿਕ ਤਰੀਕੇ ਨਾਲ ਚਲਾਉਣ ਲਈ ਦੋਵੇਂ ਸੰਸਥਾਵਾਂ ਮਿਲ ਕੇ ਇਕ ਵਿਸ਼ੇਸ਼ ਸਾਫਟਵੇਅਰ/ਪੋਰਟਲ ਵੀ ਵਿਕਸਤ ਕਰਨਗੀਆਂ। ਇਸ ਪੋਰਟਲ ਦੀ ਮਦਦ ਨਾਲ਼ ਵਿਦਿਆਰਥੀਆਂ ਨੂੰ ਆਪਣੀਆਂ ਗਤੀਵਿਧੀਆਂ ਅਤੇ ਰਿਕਾਰਡ ਦਾ ਮੁਕੰਮਲ ਵੇਰਵਾ ਰੱਖਣ ਵਿਚ ਆਸਾਨੀ ਹੋਵੇਗੀ। ਜ਼ਿਕਰਯੋਗ ਹੈ ਕਿ ਐੱਨ.ਐੱਸ.ਐੱਸ. ਵਿਭਾਗ ਪਿਛਲੇ ਇਕ ਸਾਲ ਤੋਂ ‘ਰੀਪ ਬੈਨੇਫਿਟ’ ਸੰਸਥਾ ਨਾਲ ਮਿਲ ਕੇ ਲਗਾਤਾਰ ਕੰਮ ਕਰ ਰਿਹਾ ਹੈ। ਇਸੇ ਸਹਿਯੋਗ ਦੇ ਸਕਾਰਾਤਮਕ ਨਤੀਜੇ ਵਜੋਂ, ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਹੋਣਹਾਰ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ ਉਸ ਦੇ ਖੋਜ/ਪ੍ਰਾਜੈਕਟ ‘ਤੇ ਕੰਮ ਕਰਨ ਲਈ ਸੰਸਥਾ ਵਲੋਂ 3 ਲੱਖ ਰੁਪਏ ਦਾ ਸੀਡ ਫੰਡ ਪ੍ਰਦਾਨ ਕੀਤਾ ਗਿਆ ਹੈ। ਇਹ ਰਾਸ਼ੀ ਇਸੇ ਸਮਾਗਮ ਦੌਰਾਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਵਿਦਿਆਰਥੀ ਨੂੰ ਭੇਟ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਦਰਜਨਾਂ ਪਿੰਡਾਂ ਲਈ ਸਰਾਪ ਸਿੱਧ ਹੋਵੇਗਾ ਦੁੱਧੜ ਵਿਖੇ ਲੱਗਣ ਵਾਲਾ ਕੰਪਰੈਸਡ ਬਾਇਓ ਪਲਾਂਟ-ਭਾਨਰੀ ਅਗਲੀ ਖ਼ਬਰ ਚੰਡੀਗੜ੍ਹ ਤੋਂ ਆਈ ਟੀਮ ਲੱਗੀ ਵਿਕਾਸ ਕਾਰਜ ਚੈੱਕ ਕਰਨ
Ad Position 24
No active advertisement