ਫ਼ਰੀਦਕੋਟ, 23 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਿਭਾਗ ਵਲੋਂ ਐਨ.ਡੀ.ਪੀ.ਐਸ ਮਾਮਲਿਆਂ, ਹੋਰ ਵੱਖ-ਵੱਖ ਮੁਕੱਦਮਿਆਂ ਅਤੇ ਲਾਵਾਰਿਸ ਮਿਲੇ ਵੱਖ-ਵੱਖ ਥਾਣਿਆਂ ਦੇ ਕੁੱਲ 123 ਵਾਹਨਾਂ ਨੂੰ ਯੋਗ ਪ੍ਰਣਾਲੀ ਰਾਹੀਂ ਪੁਲਿਸ ਲਾਈਨ ਫ਼ਰੀਦਕੋਟ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ ਨਿਲਾਮ ਕਰਵਾਇਆ ਗਿਆ | ਇਨ੍ਹਾਂ ਵਾਹਨਾਂ ਦੀ ਨਿਲਾਮੀ ਕਰਕੇ ਸਰਕਾਰੀ ਖ਼ਜ਼ਾਨੇ ਵਿਚ 19 ਲੱਖ 62 ਹਜ਼ਾਰ ਰੁਪਏ ਦੀ ਮਹੱਤਵਪੂਰਨ ਆਮਦਨ ਦਾ ਵਾਧਾ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੀਨ ਕੁਮਾਰ ਡੀ.ਐਸ.ਪੀ (ਸਥਾਨਕ) ਨੇ ਦੱਸਿਆ ਕਿ ਕੁੱਲ 123 ਵਾਹਨਾਂ ਵਿਚੋਂ 29 ਚਾਰ ਪਹੀਆ ਵਾਹਨ ਅਤੇ 94 ਦੋ ਪਹੀਆ ਵਾਹਨ ਸ਼ਾਮਿਲ ਸਨ | ਜਿਨ੍ਹਾਂ ਦੀ ਨਿਲਾਮੀ ਲਈ 34 ਦੇ ਕਰੀਬ ਬੋਲੀਕਾਰਾਂ ਵਲੋਂ ਇਸ ਵਿਚ ਭਾਗ ਲਿਆ ਗਿਆ, ਜਿਸ ਦੌਰਾਨ ਇਹ ਬੋਲੀ 19 ਲੱਖ 62 ਹਜ਼ਾਰ ਰੁਪਏ 'ਤੇ ਖਤਮ ਹੋਈ | ਡੀ.ਐਸ.ਪੀ ਨਵੀਨ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਾਹਨਾਂ ਵਿਚ ਮੋਟਰਸਾਈਕਲਾਂ ਦੀ ਸੰਖਿਆ ਜ਼ਿਆਦਾ ਸੀ, ਜਿਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਵਲੋਂ ਜਬਤ ਕੀਤਾ ਗਿਆ ਸੀ, ਪ੍ਰੰਤੂ ਇਨ੍ਹਾਂ ਨੂੰ ਕਿਸੇ ਵਲੋਂ ਵੀ ਛੁਡਵਾਉਣ ਲਈ ਕੋਈ ਵੀ ਚਾਰਾਜੋਈ ਨਹੀਂ ਕੀਤੀ ਗਈ ਸੀ ਅਤੇ ਜਿਨ੍ਹਾਂ ਦੀ ਹਾਲਤ ਹੁਣ ਖਸਤਾ ਹੋ ਚੁੱਕੀ ਸੀ | ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਵਾਹਨ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾੳਾੁਦੇ ਹੋਏ ਜ਼ਿਲ੍ਹਾ ਫ਼ਰੀਦਕੋਟ ਦੇ ਥਾਣਾ ਸਿਟੀ ਫ਼ਰੀਦਕੋਟ ਦੇ 95 ਮੁਕੱਦਮਿਆਂ ਨਾਲ ਸਬੰਧਿਤ ਵਾਹਨਾਂ ਦੀ ਨਿਲਾਮੀ ਕੀਤੀ ਗਈ ਹੈ | ਜਿਨ੍ਹਾਂ ਵਿਚੋਂ 24 ਐਨ.ਡੀ.ਪੀ.ਐਸ ਐਕਟ ਨਾਲ ਸਬੰਧਿਤ ਮੁਕੱਦਮਿਆਂ ਦੇ 24 ਵਹੀਕਲ ਅਤੇ ਹੋਰ ਮਾਮਲਿਆਂ ਨਾਲ ਸਬੰਧਿਤ 71 ਮੁਕੱਦਮਿਆਂ ਦੇ 99 ਵਹੀਕਲ ਸ਼ਾਮਿਲ ਸਨ | ਨਸ਼ਿਆਂ ਅਤੇ ਹੋਰ ਮੁਕੱਦਮਿਆਂ ਵਿਚ ਬਰਾਮਦਸ਼ੁਦਾ ਵਾਹਨ ਬਿਨਾਂ ਕਾਗ਼ਜ਼ਾਤ ਤੇ ਦੁਬਾਰਾ ਨਾ ਵਰਤੋਂਯੋਗ ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ | ਉਨ੍ਹਾਂ ਕਿਹਾ ਕਿ ਨਿਲਾਮੀ ਦੀ ਕੁੱਲ ਰਕਮ 19 ਲੱਖ 62 ਹਜ਼ਾਰ ਰੁਪਏ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫ਼ੈਸਲਾ ਹੋ ਚੁੱਕਾ ਹੈ ਪ੍ਰੰਤੂ ਕਿਸੇ ਵਿਅਕਤੀ ਵਲੋਂ ਇਹ ਵਹੀਕਲ ਕਲੇਮ ਨਹੀਂ ਕੀਤੇ ਗਏ ਅਤੇ ਇਨ੍ਹਾਂ ਵਹੀਕਲਾਂ ਕਰਕੇ ਥਾਣਿਆਂ ਵਿਚ ਕਾਫੀ ਜਗ੍ਹਾ ਘੇਰੀ ਹੋਈ ਸੀ | ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਵੀ 161 ਵਾਹਨਾਂ ਦੀ ਨਿਲਾਮੀ ਕਰਵਾਈ ਗਈ ਸੀ | ਉਨ੍ਹਾਂ ਕਿਹਾ ਕਿ ਵਾਹਨਾਂ ਦੀ ਨਿਲਾਮੀ ਹੋਣ ਨਾਲ ਥਾਣਿਆਂ ਅਤੇ ਪੁਲਿਸ ਲਾਈਨ ਵਿਚ ਕਾਫੀ ਜਗ੍ਹਾ ਖਾਲੀ ਹੋ ਜਾਵੇਗੀ | ਜਿਸਨੂੰ ਕਿ ਵਰਤੋਂਯੋਗ ਬਣਾਇਆ ਜਾ ਸਕੇਗਾ | ਇਸ ਦੇ ਨਾਲ ਹੀ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਾਹਨ ਵੀ ਜਲਦੀ ਨਿਲਾਮ ਕੀਤੇ ਜਾਣਗੇ |