ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਵਿਚ ਕਿਸਾਨਾਂ ਨੂੰ ਖਾਦਾਂ ਦੀ ਸਪਲਾਈ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵਲੋਂ ਫਰਟੀਲਾਈਜ਼ਰ ਸਪਲਾਈ ਐਪਲੀਕੇਸ਼ਨ ਸਿਸਟਮ (ਐਫ.ਐਸ.ਏ.ਐਸ.) ਅਧੀਨ ਜ਼ਿਲ੍ਹਾ ਫ਼ਰੀਦਕੋਟ ਦੀ ਪਾਇਲਟ ਪ੍ਰੋਜੈਕਟ ਵਜੋਂ ਚੋਣ ਕੀਤੀ ਗਈ ਹੈ | ਇਸ ਪ੍ਰੋਜੈਕਟ ਤਹਿਤ ਕਿਸਾਨ ਪੋਰਟਲ ਰਾਹੀਂ ਖਾਦਾਂ ਦੀ ਮੰਗ ਦਰਜ ਕਰਕੇ ਖਾਦਾਂ ਦੀ ਖ਼ਰੀਦ ਕਰ ਸਕਣਗੇ | ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ 'ਫਰੇਮਵਰਕ ਫਾਰ ਫਰਟੀਲਾਈਜ਼ਰ ਸੇਲ' ਨਾਮਕ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਖਾਦਾਂ ਦੀ ਖ਼ਰੀਦ-ਫਰੋਖਤ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਸੁਵਿਧਾਜਨਕ ਬਣਾਇਆ ਜਾਵੇਗਾ | ਇਸ ਪ੍ਰਣਾਲੀ ਬਾਰੇ ਕਿਸਾਨਾਂ ਅਤੇ ਖਾਦ ਵਿਕਰੇਤਾਵਾਂ ਨੂੰ ਜਾਣੂੰ ਕਰਵਾਉਣ ਲਈ ਲਗਾਤਾਰ ਟਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਕੋਟਕਪੂਰਾ ਅਤੇ ਜੈਤੋ ਬਲਾਕ ਦੇ ਖਾਦ ਡੀਲਰਾਂ ਲਈ ਇਕ ਵਰਕਸ਼ਾਪ ਲਗਾਈ ਜਾਵੇਗੀ | ਬਲਾਕ ਖੇਤੀਬਾੜੀ ਅਫ਼ਸਰ ਕੋਟਕਪੂਰਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਪਹਿਲਾਂ ਪੋਰਟਲ 'ਤੇ ਖਾਦ ਪ੍ਰਾਪਤ ਕਰਨ ਲਈ ਅਰਜ਼ੀ ਦੇਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਟੋਕਨ ਜਾਰੀ ਕੀਤਾ ਜਾਵੇਗਾ | ਇਹ ਟੋਕਨ ਦੋ ਦਿਨਾਂ ਲਈ ਵੈਧ ਹੋਵੇਗਾ ਅਤੇ ਕਿਸਾਨ ਇਸ ਟੋਕਨ ਦੇ ਆਧਾਰ 'ਤੇ ਸਬੰਧਿਤ ਡੀਲਰ ਜਾਂ ਸਹਿਕਾਰੀ ਸਭਾ ਤੋਂ ਖਾਦ ਪ੍ਰਾਪਤ ਕਰ ਸਕਣਗੇ | ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਪੋਰਟਲ 'ਤੇ ਅਰਜ਼ੀ ਦੇਣ ਲਈ ਕਿਸਾਨਾਂ ਲਈ ਫਾਰਮਰ ਆਈ.ਡੀ. ਬਣਾਉਣਾ ਲਾਜ਼ਮੀ ਹੋਵੇਗਾ | ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਫਾਰਮਰ ਆਈ.ਡੀ. ਬਣਾਈਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਕਿਸਾਨ ਸਹਿਕਾਰੀ ਸਭਾਵਾਂ ਜਾਂ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.) ਰਾਹੀਂ ਵੀ ਆਪਣੀ ਫਾਰਮਰ ਆਈ.ਡੀ. ਤਿਆਰ ਕਰਵਾ ਸਕਦੇ ਹਨ | ਉਨ੍ਹਾਂ ਖਾਦ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਸੰਪਰਕ ਵਾਲੇ ਕਿਸਾਨਾਂ ਨੂੰ ਫਾਰਮਰ ਆਈ.ਡੀ. ਬਣਵਾਉਣ ਲਈ ਪ੍ਰੇਰਿਤ ਕਰਨ | ਵਰਕਸ਼ਾਪ ਦੌਰਾਨ ਚੀਫ ਇੰਸਪੈਕਟਰ ਫਰਟੀਲਾਈਜ਼ਰ ਪੰਜਾਬ ਡਾ. ਗਿਰਜੇਸ਼ ਭਾਰਗਵ ਨੇ ਖਾਦ ਵਿਕਰੇਤਾਵਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਫ਼ਰੀਦਕੋਟ ਵਿਚ ਖਾਦਾਂ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ | ਇਸ ਟਰੇਨਿੰਗ ਵਿਚ ਨੋਡਲ ਅਫ਼ਸਰ ਡਾ. ਰਣਬੀਰ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਫ਼ਰੀਦਕੋਟ, ਡਾ. ਗੁਰਮੱਘਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਜ਼ਿਲ੍ਹਾ ਕਮ ਕੋਟਕਪੂਰਾ, ਡਾ. ਪਿ੍ੰਸਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਪੀ.ਪੀ. ਕੋਟਕਪੂਰਾ ਸਮੇਤ ਕੋਟਕਪੂਰਾ ਅਤੇ ਜੈਤੋ ਮੰਡੀ ਦੇ ਵੱਡੀ ਗਿਣਤੀ ਵਿਚ ਖਾਦ ਵਿਕਰੇਤਾ ਹਾਜ਼ਰ ਸਨ |