ਸ੍ਰੀ ਮੁਕਤਸਰ ਸਾਹਿਬ, 12 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਜ਼ਮੀਨਦੋਜ ਪਾਣੀ ਨੂੰ ਬਚਾਉਣ ਲਈ ਰਾਜ ਵਿਚ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸਰਕਾਰ ਵਲੋਂ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿਸਾਨ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਦੇ ਵੇਰਵੇ ਪੰਜਾਬ ਸਰਕਾਰ ਦੇ ਪੋਰਟਲ 'ਤੇ 15 ਜੂਨ 2026 ਤੱਕ ਅਪਲੋਡ ਕਰ ਦੇਣ, ਤਾਂ ਜੋ ਉਨ੍ਹਾਂ ਨੂੰ ਇਹ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਵਿਚ ਕੋਈ ਦਿੱਕਤ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਸਕੀਮ ਦਾ ਲਾਭ ਲੈਣ ਲਈ ਇਹ ਵੇਰਵੇ ਆਨਲਾਈਨ ਪੋਰਟਲ 'ਤੇ ਦਰਜ ਕਰਵਾਉਣੇ ਲਾਜ਼ਮੀ ਹਨ | ਕਿਸਾਨ ਵਲੋਂ ਇਸ ਪੋਰਟਲ 'ਤੇ ਰਜਿਸਟਰਡ ਹੋਣ ਤੋਂ ਬਾਅਦ ਹੀ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੇ ਗਏ ਰਕਬੇ ਦਾ ਵੈਰੀਫ਼ਾਈ ਅਫ਼ਸਰ ਤੇ ਮਾਲ ਵਿਭਾਗ ਵਲੋਂ ਸੰਬੰਧਿਤ ਖੇਤ ਦਾ ਦੌਰਾ ਕਰਕੇ ਤਸਦੀਕ ਕੀਤਾ ਜਾਵੇਗਾ | ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਖ਼ਾਤਿਆਂ ਵਿਚ ਪ੍ਰੋਤਸਾਹਨ ਰਾਸ਼ੀ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ | ਕਿਸਾਨ ਵਲੋਂ ਰਜਿਸਟੇ੍ਰਸ਼ਨ ਕਰਨ ਸਮੇਂ ਉਸ ਪਾਸ ਆਧਾਰ ਕਾਰਡ, ਖੇਵਟ ਨੰਬਰ, ਖਸਰਾ ਨੰਬਰ ਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ ਵਿਚ) ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਇਸ ਪੋਰਟਲ 'ਤੇ ਕੇਵਲ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਹੀ ਆਪਣੇ ਵੇਰਵੇ ਦੇਣੇ ਹਨ | ਜੇਕਰ ਕਿਸੇ ਕਿਸਾਨ ਨੂੰ ਪੋਰਟਲ ਸੰਬੰਧੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸੰਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |