ਮੰਡੀ ਕਿੱਲਿਆਂਵਾਲੀ, 13 ਜੂਨ (ਇਕਬਾਲ ਸਿੰਘ ਸ਼ਾਂਤ)-ਪੇਂਡੂ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੀਆਂ ਸੇਵਾਵਾਂ ਆਗਾਮੀ ਦਿਨਾਂ ਤੋਂ ਲੀਹੋਂ ਲੱਥ ਸਕਦੀਆਂ ਹਨ | ਲੰਮੇ ਸਮੇਂ ਤੋਂ ਵਿਭਾਗੀ ਬੇਰੁਖ਼ੀ ਤੇ ਕੰਮ ਦੇ ਬੋਝ ਤੋਂ ਪ੍ਰੇਸ਼ਾਨ ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐੱਚ.ਓ.) ਨੇ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ | ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਵਫ਼ਦ ਨੇ ਐੱਨ.ਐੱਚ.ਐੱਮ. ਪੰਜਾਬ ਦੇ ਡਾਇਰੈਕਟਰ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਲੋਂ 15 ਜੂਨ ਨੂੰ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਗਿਆ | ਐਸੋਸੀਏਸ਼ਨ ਵਲੋਂ ਪੈਨਲ ਮੀਟਿੰਗ 'ਚ ਬਰਾਬਰ ਕੰਮ ਬਰਾਬਰ ਤਨਖ਼ਾਹ ਸਮੇਤ ਹੋਰਨਾਂ ਮੰਗਾਂ ਦਾ ਹੱਲ ਨਾ ਨਿਕਲਣ 'ਤੇ 16 ਜੂਨ ਤੋਂ ਪੇਂਡੂ ਸਿਹਤ ਕੇਂਦਰਾਂ ਵਿਚ ਆਨਲਾਈਨ ਅਤੇ ਆਫ਼ਲਾਈਨ ਸੇਵਾਵਾਂ ਮੁਕੰਮਲ ਬੰਦ ਕਰਕੇ ਬਲਾਕ ਪੱਧਰ 'ਤੇ ਰੋਸ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ | ਐਸੋਸੀਏਸ਼ਨ ਵਲੋਂ ਉਲੀਕੇ ਪੜਾਅਵਾਰ ਸੰਘਰਸ਼ ਤਹਿਤ ਪਹਿਲਾਂ 22 ਜੂਨ ਨੂੰ ਜ਼ਿਲ੍ਹਾ ਪੱਧਰ 'ਤੇ ਸਿਵਲ ਸਰਜਨ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ 2 ਜੁਲਾਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਸੂਬਾ ਪੱਧਰੀ ਮਹਾਂ ਘਿਰਾਓ ਕੀਤਾ ਜਾਵੇਗਾ | ਸੂਬੇ ਵਿਚ ਕਰੀਬ 2500 ਆਯੂਸ਼ਮਾਨ ਅਰੋਗਿਆ ਕੇਂਦਰ ਹਨ, ਜਿਨ੍ਹਾਂ ਵਿਚ ਔਸਤਨ ਰੋਜ਼ਾਨਾ 50 ਹਜ਼ਾਰ ਮਰੀਜ਼ ਇਲਾਜ ਲਈ ਪੁੱੱਜਦੇ ਹਨ | ਸੀ.ਐੱਚ.ਓਜ਼. ਦੀ ਹੜਤਾਲ ਨਾਲ ਕੇਂਦਰਾਂ ਵਿਚ ਓ.ਪੀ.ਡੀ. ਟੀ.ਵੀ. ਮੁਕਤੀ ਮਾਰਗ, ਗਰਭਵਤੀ ਔਰਤਾਂ ਦੀ ਸਿਹਤ ਜਾਂਚ ਸਿੱਧੇ ਤੌਰ 'ਤੇੇ ਪ੍ਰਭਾਵਿਤ ਹੋਵੇਗੀ | ਦਰਅਸਲ ਮੁਲਾਜ਼ਮਾਂ ਵਿਚ ਤਨਖ਼ਾਹ ਦੇ ਵਿਤਕਰੇ ਨੂੰ ਲੈ ਕੇ ਭਾਰੀ ਰੋਸ ਹੈ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਨੀਲ ਧਰਗੋਤਰਾ ਮੁਤਾਬਕ ਪੰਜਾਬ ਦੇ ਸੀ.ਐੱਚ.ਓਜ਼. ਨੂੰ ਦੂਜੇ ਸੂਬਿਆਂ ਨਾਲੋਂ ਪੰਜ ਹਜ਼ਾਰ ਰੁਪਏ ਘੱਟ ਤਨਖ਼ਾਹ ਮਿਲ ਰਹੀ ਹੈ | ਕੋਰੋਨਾ ਕਾਲ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਇਨ੍ਹਾਂ ਮੁਲਾਜ਼ਮਾਂ 'ਤੇ ਵਿਭਾਗ ਵਲੋਂ ਲਗਾਤਾਰ ਮਾਨਸਿਕ ਬੋਝ ਵਧਾਇਆ ਜਾ ਰਿਹਾ ਹੈ | ਸੀ.ਐੱਚ.ਓਜ਼. ਦੀਆਂ ਮੰਗਾਂ ਵਿਚ ਕੇਡਰ ਮਨਜ਼ੂਰ ਕਰਕੇ ਸੇਵਾਵਾਂ ਤੁਰੰਤ ਪੱਕਾ ਕਰਨ, ਨਵਾਂ ਗੁੰਝਲਦਾਰ ਇਨਸੈਂਟਿਵ ਪਰਫੋਰਮਾ ਰੱਦ ਕਰਕੇ ਪੁਰਾਣਾ ਬਹਾਲ ਕਰਨ ਜਾਂ ਇਹ ਰਕਮ ਮੁੱਢਲੀ ਤਨਖ਼ਾਹ ਵਿਚ ਹੀ ਜੋੜੀ ਜਾਵੇ |