ਮੋਗਾ, 13 ਜੂਨ (ਜਸਪਾਲ ਸਿੰਘ ਬੱਬੀ)-ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 17 ਜੂਨ ਦਿਨ ਬੁੱਧਵਾਰ ਨੂੰ ਸਵੇਰੇ 8:30 ਵਜੇ ਲੋਕਲ ਗੁਰਪੁਰਬ ਕਮੇਟੀ ਰਜਿ. ਮੋਗਾ ਵਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਅਕਾਲਸਰ ਸਾਹਿਬ ਦੇ ਸਹਿਯੋਗ ਨਾਲ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਵਿਕੀ ਪ੍ਰਧਾਨ ਅਤੇ ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ, ਬਲਦੇਵ ਸਿੰਘ ਛਾਬੜਾ, ਸਤਨਾਮ ਸਿੰਘ ਬੀ.ਏ. ਨੇ ਦੱਸਿਆ ਕਿ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਅਕਾਲਸਰ ਸਾਹਿਬ ਤੋਂ ਅਰਦਾਸ ਬੇਨਤੀ ਉਪਰੰਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਪੂਰਨ ਖਾਲਸਾਈ ਰਵਾਇਤਾਂ ਅਨੁਸਾਰ ਪ੍ਰਾਰੰਭ ਹੋਵੇਗਾ | ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਅਮਰ ਸਾਗਰ (ਬੀਬਾ ਜੀ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰ ਕਰਕੇ ਬਾਗ ਗਲੀ ਗੇਟ (ਮੇਨ ਬਾਜ਼ਾਰ) ਤੋਂ ਪ੍ਰਤਾਪ ਸਿੰਘ ਰੋਡ, ਪੁਰਾਣੀ ਸਬਜ਼ੀ ਮੰਡੀ, ਡਾ: ਸ਼ਾਮ ਲਾਲ ਥਾਪਰ ਚੌਂਕ, ਗੁਰਦੁਆਰਾ ਸਰਦਾਰ ਨਗਰ ਗੇਟ ਅੱਗੋਂ ਸਮਾਪਤੀ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ ਵਿਖੇ ਅਰਦਾਸ ਬੇਨਤੀ ਉਪਰੰਤ ਹੋਵੇਗੀ | ਸਮਾਪਤੀ 'ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ |