ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਰਾਸ਼ਟਰੀ ਕਾਨਫ਼ਰੰਸ ‘ਸਿਮੂਵਰਸ 2026’ ਦੇ ਦੂਜੇ ਦਿਨ ਦੇਸ਼ ਭਰ ਦੇ ਪ੍ਰਮੁੱਖ ਮੈਡੀਕਲ ਨੀਤੀ-ਨਿਰਮਾਤਾ, ਸਿੱਖਿਆਵਿਦ ਅਤੇ ਸਿਹਤ ਮਾਹਿਰ ਇਕ ਮੰਚ ’ਤੇ ਇਕੱਠੇ ਹੋਏ। ਇਸ ਮੌਕੇ ਯੋਗਤਾ-ਆਧਾਰਿਤ ਮੈਡੀਕਲ ਸਿੱਖਿਆ, ਸਿਮੂਲੇਸ਼ਨ ਆਧਾਰਿਤ ਸਿਖਲਾਈ ਅਤੇ ਮਰੀਜ਼ਾਂ ਦੀ ਸੁਰੱਖਿਆ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਅਭਿਜਾਤ ਚੰਦਰਕਾਂਤ ਸ਼ੇਠ ਚੇਅਰਮੈਨ ਨੈਸ਼ਨਲ ਮੈਡੀਕਲ ਕਮਿਸ਼ਨ, ਡਾ. ਅਨਿਲ ਕੁਮਾਰ ਜੇ.ਨਾਇਕ ਨੈਸ਼ਨਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ, ਡਾ. ਯਗਨਾ ਉਮੇਸ਼ ਸ਼ੁਕਲਾ ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਅਲਾਇਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਅਤੇ ਡਾ. ਨੀਲਮ ਮੋਹਨ ਪ੍ਰਧਾਨ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਨੇ ਕਿਹਾ ਕਿ ਸਿਮੂਵਰਸ 2026 ਨੂੰ ਇਕ ਅਜਿਹੇ ਰਾਸ਼ਟਰੀ ਮੰਚ ਵਜੋਂ ਵਿਕਸਿਤ ਕੀਤਾ ਗਿਆ ਹੈ ਜਿੱਥੇ ਡਾਕਟਰਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਨਰਸਿੰਗ ਅਤੇ ਅਲਾਇਡ ਹੈਲਥ ਕੇਅਰ ਪੇਸ਼ੇਵਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਤੋਂ ਪਹਿਲਾਂ ਆਧੁਨਿਕ ਸਿਮੂਲੇਸ਼ਨ ਟੈਕਨਾਲੋਜੀ ਰਾਹੀਂ ਵਿਹਾਰਕ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਸਿਮੂਲੇਸ਼ਨ ਆਧਾਰਿਤ ਸਿਖਲਾਈ ਨੂੰ ਮੈਡੀਕਲ ਸਿੱਖਿਆ ਦਾ ਨਿਯਮਤ ਹਿੱਸਾ ਬਣਾਉਣਾ ਹੈ ਤਾਂ ਜੋ ਸਿਹਤ ਪੇਸ਼ੇਵਰ ਹੋਰ ਵਧੇਰੇ ਨਿਪੁੰਨ, ਆਤਮ ਵਿਸ਼ਵਾਸੀ ਅਤੇ ਸੁਰੱਖਿਅਤ ਮਰੀਜ਼ ਸੇਵਾਵਾਂ ਦੇਣ ਦੇ ਯੋਗ ਬਣ ਸਕਣ। ਡਾ. ਅਭਿਜਾਤ ਚੰਦਰਕਾਂਤ ਸ਼ੇਠ ਚੇਅਰਮੈਨ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਸਿਮੂਲੇਸ਼ਨ ਆਧਾਰਿਤ ਮੈਡੀਕਲ ਸਿੱਖਿਆ ਵਿਚ ਅਗਵਾਈ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਵਿਚ ਮੈਡੀਕਲ ਸੀਟਾਂ ਦੀ ਗਿਣਤੀ ਵੱਧ ਰਹੀ ਹੈ, ਪਰ ਮੈਡੀਕਲ ਸਿੱਖਿਆ ਦੀ ਗੁਣਵੱਤਾ ਨੂੰ ਕਾਇਮ ਰੱਖਣਾ ਅਤੇ ਹੋਰ ਬਿਹਤਰ ਬਣਾਉਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਅੰਡਰਗ੍ਰੈਜੂਏਟ ਮੈਡੀਕਲ ਸਿੱਖਿਆ ਵਿਚ ਸਿਮੂਲੇਸ਼ਨ ਆਧਾਰਿਤ ਸਿਖਲਾਈ ਨੂੰ ਲਾਜ਼ਮੀ ਬਣਾਉਣ ਵੱਲ ਕੰਮ ਕਰ ਰਿਹਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਮੁਲਾਂਕਣ ਅਤੇ ਪ੍ਰਮਾਣੀਕਰਨ ਤੋਂ ਬਾਅਦ ਹੀ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਬੈਠਣ ਦੀ ਆਗਿਆ ਮਿਲੇਗੀ। ਉਨ੍ਹਾਂ ਕਿਹਾ ਕਿ ਡਿਜੀਟਲ ਲਰਨਿੰਗ, ਸਿਮੂਲੇਸ਼ਨ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ (ਏ.ਆਈ) ਰਵਾਇਤੀ ਕਲੀਨਿਕਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣਗੇ। ਡਾ. ਅਨਿਲ ਕੁਮਾਰ ਜੇ. ਨਾਇਕ ਨੈਸ਼ਨਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਮੈਡੀਕਲ ਸਿੱਖਿਆ ਨੂੰ ਬਦਲਦੀ ਟੈਕਨਾਲੋਜੀ ਦੇ ਨਾਲ ਨਿਰੰਤਰ ਅੱਗੇ ਵਧਣਾ ਹੋਵੇਗਾ। ਉਨ੍ਹਾਂ ਸਿਮੂਵਰਸ 2026 ਦੀ ਬਹੁ-ਵਿਸ਼ਾਗਤ ਪਹੁੰਚ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਸਲ ਸਿੱਖਿਆ ਸਿਰਫ਼ ਜਾਣਕਾਰੀ ਨਹੀਂ ਦਿੰਦੀ, ਸਗੋਂ ਗਿਆਨ, ਵਿਹਾਰਕ ਹੁਨਰ ਅਤੇ ਮਨੁੱਖਤਾ ਦੀ ਭਾਵਨਾ ਵੀ ਵਿਕਸਿਤ ਕਰਦੀ ਹੈ। ਉਨ੍ਹਾਂ ਨੌਜਵਾਨ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ, ਤਣਾਅ ਤੋਂ ਦੂਰ ਰਹਿਣ ਅਤੇ ਨੈਤਿਕ ਮੁੱਲਾਂ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਡਾ. ਯਗਨਾ ਉਮੇਸ਼ ਸ਼ੁਕਲਾ ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਅਲਾਇਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਨੇ ਕਿਹਾ ਕਿ ਸਿਮੂਲੇਸ਼ਨ ਟੈਕਨਾਲੋਜੀ ਸਿਹਤ ਸਿੱਖਿਆ ਵਿਚ ਕ੍ਰਾਂਤੀ ਲਿਆ ਰਹੀ ਹੈ, ਕਿਉਂਕਿ ਇਸ ਰਾਹੀਂ ਸਿਹਤ ਪੇਸ਼ੇਵਰ ਮਰੀਜ਼ਾਂ ’ਤੇ ਇਲਾਜ ਕਰਨ ਤੋਂ ਪਹਿਲਾਂ ਜਟਿਲ ਪ੍ਰਕਿਰਿਆਵਾਂ ਦਾ ਸੁਰੱਖਿਅਤ ਮਾਹੌਲ ਵਿਚ ਅਭਿਆਸ ਕਰ ਸਕਦੇ ਹਨ। ਉਨ੍ਹਾਂ ਅਲਾਇਡ ਹੈਲਥਕੇਅਰ ਸਿੱਖਿਆ ਲਈ ਦੇਸ਼ ਭਰ ਵਿਚ ਲਾਗੂ ਕੀਤੇ ਜਾ ਰਹੇ ਯੋਗਤਾ-ਆਧਾਰਿਤ ਪਾਠਕ੍ਰਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਸਿਹਤ ਸਿੱਖਿਆ ਦੀ ਗੁਣਵੱਤਾ ਅਤੇ ਮਿਆਰੀਕਰਨ ਨੂੰ ਹੋਰ ਮਜ਼ਬੂਤ ਕਰਨਗੇ। ਡਾ. ਨੀਲਮ ਮੋਹਨ ਪ੍ਰਧਾਨ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਨੇ ਕਿਹਾ ਕਿ ਉੱਚ ਗੁਣਵੱਤਾ ਵਾਲੀ ਮੈਡੀਕਲ ਸਿੱਖਿਆ ਅਤੇ ਬਾਲ ਸਿਹਤ ਵਿਚ ਕੀਤਾ ਗਿਆ ਨਿਵੇਸ਼ ਦੇਸ਼ ਦੇ ਭਵਿੱਖ ਵਿਚ ਨਿਵੇਸ਼ ਹੈ। ਉਨ੍ਹਾਂ ਯੋਗਤਾ-ਆਧਾਰਿਤ ਸਿਖਲਾਈ, ਆਪਸੀ ਅਕਾਦਮਿਕ ਸਹਿਯੋਗ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਦੀ ਲੋੜ ’ਤੇ ਜ਼ੋਰ ਦਿੰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮੈਡੀਕਲ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਇਕ ਉਭਰਦੇ ਰਾਸ਼ਟਰੀ ਕੇਂਦਰ ਵਜੋਂ ਸਰਾਹਿਆ। ਦਿਨ ਦਾ ਇਕ ਮਹੱਤਵਪੂਰਨ ਆਕਰਸ਼ਣ ਤਿੰਨ ਸਮਝੌਤਾ ਯਾਦਦਾਸ਼ਤਾਂ ’ਤੇ ਹਸਤਾਖਰ ਕਰਨਾ ਰਿਹਾ। ਇਹ ਸਮਝੌਤੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ, ਕੰਸੋਰਟੀਅਮ ਆਫ਼ ਐਕਰੀਡਿਟਿਡ ਹੈਲਥਕੇਅਰ ਆਰਗੇਨਾਈਜ਼ੇਸ਼ਨਜ਼ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਲੇਅਰਡਲ ਮੈਡੀਕਲ ਇੰਡੀਆ ਅਤੇ ਐਡੀਸਨ ਐਜੂਕੇਸ਼ਨਲ ਸਰਵਿਸਿਜ਼ ਦਰਮਿਆਨ ਤ੍ਰਿਪੱਖੀ ਸਮਝੌਤੇ ਦੇ ਰੂਪ ਵਿਚ ਕੀਤੇ ਗਏ। ਇਸ ਮੌਕੇ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਇਹ ਸਹਿਯੋਗ ਯੂਨੀਵਰਸਿਟੀ ਵਿਚ ਸਿਮੂਲੇਸ਼ਨ ਆਧਾਰਿਤ ਮੈਡੀਕਲ ਸਿੱਖਿਆ, ਅਕਾਦਮਿਕ ਉਤਕ੍ਰਿਸ਼ਟਤਾ ਅਤੇ ਹੁਨਰ ਵਿਕਾਸ ਨੂੰ ਹੋਰ ਮਜ਼ਬੂਤ ਕਰਨਗੇ। ਸਮਾਗਮ ਦੇ ਅੰਤ ਵਿਚ ਡਾ. ਸੀਮਾ ਗਰੋਵਰ ਭੱਟੀ ਪ੍ਰਿੰਸੀਪਲ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਮੁੱਖ ਮਹਿਮਾਨਾਂ, ਮਾਹਿਰਾਂ, ਡੈਲੀਗੇਟਾਂ ਅਤੇ ਆਯੋਜਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਅਤੇ ਮੈਂਬਰ ਬੋਰਡ ਆਫ਼ ਮੈਨੇਜਮੈਂਟ, ਅਰਵਿੰਦ ਕੁਮਾਰ ਰਜਿਸਟਰਾਰ, ਡਾ. ਦੀਪਕ ਜੌਨ ਭੱਟੀ ਡੀਨ ਕਾਲਜ ਡਿਵੈਲਪਮੈਂਟ, ਦੇਸ਼ ਭਰ ਦੇ ਸੀਨੀਅਰ ਫੈਕਲਟੀ ਮੈਂਬਰ, ਕੰਸਲਟੈਂਟ, ਰੈਜ਼ੀਡੈਂਟ ਡਾਕਟਰ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਹਾਜ਼ਰ ਸਨ।