ਸਾਦਿਕ, 6 ਜੁਲਾਈ (ਗੁਰਭੇਜ ਸਿੰਘ ਚੌਹਾਨ)-ਅੱਜ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਾਦਿਕ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਇਕਬਾਲ ਸਿੰਘ ਬਰਾੜ ਮੁਮਾਰਾ ਦੀ ਅਗਵਾਈ ਹੇਠ ਨੰਬਰਦਾਰ ਭਵਨ ਤਹਿਸੀਲ ਸਾਦਿਕ ਵਿਖੇ ਕੀਤੀ ਗਈ। ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਕੁਲਦੀਪ ਸਿੰਘ ਪਵਾਰ ਦੀਪ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਫ਼ਰੀਦਕੋਟ ਤੇ ਕਰਮਜੀਤ ਸਿੰਘ ਸੰਧੂ ਬੁੱਟਰ ਜ਼ਿਲ੍ਹਾ ਮੁੱਖ ਸਲਾਹਕਾਰ ਫ਼ਰੀਦਕੋਟ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਜਗਤਾਰ ਸਿੰਘ ਢਿੱਲੋਂ ਸਕੱਤਰ ਜਨਰਲ ਤਹਿਸੀਲ ਸਾਦਿਕ ਵਲੋਂ ਚਲਾਈ ਗਈ ਅਤੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ’ਤੇ ਵਿਚਾਰਾਂ ਕੀਤੀਆਂ ਗਈਆਂ। ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜੋ ਸਰਕਾਰ ਬਣਨ ਤੋਂ ਪਹਿਲਾਂ ਨੰਬਰਦਾਰਾਂ ਨਾਲ ਵਾਅਦੇ ਕੀਤੇ ਗਏ ਸੀ ਕਿ ਸਾਡੀ ਸਰਕਾਰ ਬਣਨ ’ਤੇ ਨੰਬਰਦਾਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ ਪਰ ਅੱਜ ਚਾਰ ਸਾਲ ਤੋਂ ਉੱਪਰ ਸਮਾਂ ਬੀਤ ਗਿਆ ਹੈ ਨੰਬਰਦਾਰਾਂ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ ਗਈ। ਨੰਬਰਦਾਰਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ, ਜਿਵੇਂ ਕਿ ਸਰਪੰਚਾਂ ਨੂੰ 10000 ਰੁਪਏ ਮਹੀਨਾ ਦਾ ਐਲਾਨ ਕੀਤਾ ਹੈ ਉਸੇ ਤਰ੍ਹਾਂ ਨੰਬਰਦਾਰਾਂ ਦੇ ਮਾਨ ਭੱਤੇ ਵਿਚ ਵੀ ਵਾਧਾ ਕਰਕੇ 10000 ਰੁਪਏ ਮਹੀਨਾ ਦਿੱਤਾ ਜਾਵੇ। ਨੰਬਰਦਾਰ ਵੀ ਸਰਕਾਰ ਦਾ ਇਕ ਅੰਗ ਹੁੰਦੇ ਹਨ ਜੋ ਕਿ ਹਰ ਟਾਈਮ ਜੋ ਵੀ ਸਰਕਾਰ ਵਲੋਂ ਜ਼ਿੰਮੇਵਾਰੀਆਂ ਲਗਾਈਆਂ ਜਾਂਦੀਆਂ ਹਨ ਉਹ ਤਨਦੇਹੀ ਨਾਲ ਨਿਭਾਉਂਦੇ ਹਨ। ਮੀਟਿੰਗ ਵਿਚ ਗੁਰਮੇਜ ਸਿੰਘ ਨੰਬਰਦਾਰ ਸਾਧੂਵਾਲਾ ਜਨਰਲ ਸਕੱਤਰ ਤਹਿਸੀਲ ਸਾਦਿਕ, ਤਾਰਾ ਸਿੰਘ ਨੰਬਰਦਾਰ ਸੈਦੇਕੇ ਮੀਤ ਪ੍ਰਧਾਨ ਤਹਿਸੀਲ ਸਾਦਿਕ, ਰਾਜਮੰਦਰ ਸਿੰਘ ਨੰਬਰਦਾਰ ਦੀਪ ਸਿੰਘ ਵਾਲਾ ਕਮੇਟੀ ਮੈਂਬਰ ਤਹਿਸੀਲ ਸਾਦਿਕ ਤੇ ਗੁਰਚਰਨ ਸਿੰਘ ਨੰਬਰਦਾਰ ਕਾਉਣੀ ਕਮੇਟੀ ਮੈਂਬਰ ਤਹਿਸੀਲ ਸਾਦਿਕ ਆਦਿ ਹਾਜ਼ਰ ਸਨ।