ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਤਕਰੀਬਨ 18 ਮਹੀਨੇ ਲੇਟ ਬਣਾਈ ਗਈ ਪੁਰੀ ਕਾਲੋਨੀ ਪੱਖੀ ਰੋਡ ਸਰਕਾਰੀ ਨਿਯਮਾਂ ਤੋਂ ਪਰੇ ਹੋ ਕੇ ਬਣਾਈ ਗਈ ਹੈ। ਫ਼ਿਰੋਜ਼ਪੁਰ ਰੋਡ ਦੀ ਚੁੰਗੀ ਤੋਂ ਲੈ ਕੇ ਪੁਰੀ ਕਾਲੋਨੀ ਦੇ ਫ਼ਾਟਕਾਂ ਤੱਕ ਤਕਰੀਬਨ ਸਵਾ ਕਿਲੋਮੀਟਰ ਲੰਮੀ ਸੜਕ ਡੀ.ਐਨ.ਆਈ.ਟੀ. ਨਿਯਮਾਂ ਨੂੰ ਛਿੱਕੇ ਟੰਗ ਕੇ ਬਗੈਰ ਦੋਹੇਂ ਪਾਸੀ ਲੋੜੀਂਦੇ ਨਾਲਿਆਂ ਤੋਂ ਬਣਾਈ ਗਈ ਹੈ। ਇਸ ਸੜਕ ਹੇਠ ਪਾਏ ਗਏ ਸੀਵਰੇਜ ਦੇ ਢੱਕਣ ਵੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਲੋਂ ਜਾਰੀ ਆਦੇਸ਼ ਦੇ ਉਲਟ ਸੜਕ ਵਿਚ ਲੁਕ ਹੇਠਾਂ ਦੱਬ ਦਿੱਤੇ ਹਨ। ਇਸ ਦੇ ਨਾਲ ਹੀ ਸੜਕ ਦੇ ਦੋਹੀਂ ਪਾਸੇ ਮਿੱਟੀ ਦੇ ਢਾਲ ਰੂਪੀ ਬਰਮੇ ਨਹੀਂ ਬਣਾਏ ਗਏ। ਐਕਸੀਅਨ ਬੀ.ਐਂਡ.ਆਰ ਫ਼ਰੀਦਕੋਟ ਵਲੋਂ ਜ਼ਿਲ੍ਹਾ ਲੋਕ ਅਦਾਲਤ ਨੂੰ ਲਿਖ ਕੇ ਦਿੱਤਾ ਸੀ ਕਿ ਰਿਹਾਇਸ਼ੀ ਖੇਤਰ ਹੋਣ ਕਾਰਨ ਸੜਕ ਦੇ ਦੋਹੀਂ ਪਾਸੀਂ ਨਾਲੇ ਬਣਾਉਣ ਦਾ ਦਾਅਵਾ ਪੇਸ਼ ਕੀਤਾ ਗਿਆ ਸੀ ਪਰ ਇਕ ਸਾਲ ਬਾਅਦ ਜੂਨੀਅਰ ਇੰਜੀਨੀਅਰ ਬਲਦੇਵ ਸਿੰਘ ਨੇ ਕਾਲੋਨੀ ਦੇ ਨਾਗਰਿਕਾਂ ਨੂੰ ਦੱਸਿਆ ਕਿ ਉਹ ਸਰਦੀਆਂ ਵਿਚ ਨਾਲਾ ਬਣਾਉਣਗੇ। ਜਦ ਠੇਕੇਦਾਰ ਦੇ ਵਰਕਰ ਮੁਨਸ਼ੀ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਲੇਬਰ ਅਤੇ ਮਸ਼ੀਨਰੀ ਤਿਆਰ ਹੈ ਨਾਲੇ ਬਣਾਉਣ ਲਈ ਅਤੇ ਸੀਵਰੇਜ ਦੇ ਢੱਕਣ ਬਾਹਰ ਕੱਢਣ ਲਈ, ਪਰ ਸਾਨੂੰ ਬਲਦੇਵ ਸਿੰਘ ਜੇ.ਈ. ਨੇ ਮਨ੍ਹਾ ਕੀਤਾ ਹੈ। ਇਸ ਸਮੇਂ ਬਾਰਿਸ਼ ਦੇ ਦਿਨ ਹੋਣ ਕਾਰਨ ਅਤੇ ਸੜਕ ਜਾਣਬੁੱਝ ਕੇ ਕਿਸੇ ਫ਼ਰਮ ਨੂੰ ਸੁੱਖ ਦੇਣ ਲਈ ਉੱਚੀ ਬਣਾਈ ਹੋਣ ਕਾਰਨ ਮੀਂਹ ਦਾ ਸਾਰਾ ਪਾਣੀ ਕਾਲੋਨੀ ਦੀਆਂ ਗਲੀਆਂ ਵਿਚ ਜਾਂਦਾ ਹੈ। ਕਾਲੋਨੀ ਵਾਸੀਆਂ ਨੇ ਕਿਹਾ ਉਹ ਜਲਦ ਹਲਕਾ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਕੋਲ ਇਹ ਮਸਲਾ ਰੱਖਣਗੇ। ਇਸ ਮੌਕੇ ਪਰਮਜੀਤ ਸਿੰਘ, ਭਾਗ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਕਾਲੋਨੀ ਵਾਸੀ ਆਦਿ ਹਾਜ਼ਰ ਸਨ।