ਫ਼ਰੀਦਕੋਟ, 6 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ/ਟਰਾਂਸਮਿਸਨ ਰਜਿਸਟਰਡ ਨੰਬਰ 56 ਮੰਡਲ ਫ਼ਰੀਦਕੋਟ ਵਲੋਂ ਅੱਜ ਮਿੱਠੂ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ 66 ਕੇ.ਵੀ ਸਬ ਸਟੇਸ਼ਨ ਫ਼ਰੀਦਕੋਟ ਵਿਖੇ ਕੀਤੀ ਗਈ। ਜਿਸ ਵਿਚ ਸਰਕਾਰ ਦੇ ਅੜੀਅਲ ਰਵਈਏ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਮਿੱਠੂ ਸਿੰਘ ਪ੍ਰਧਾਨ ਨੇ ਕਿਹਾ ਕਿ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਹੱਕੀ ਜਾਇਜ਼ ਮੰਗਾਂ ਵੱਲ ਕੋਈ ਧਿਆਨ ਦੇਣ ਦੀ ਬਜਾਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜੋ ਫ਼ੈਸਲਾ 8 ਅਪ੍ਰੈਲ 2026 ਨੂੰ ਪੈਨਸ਼ਨਰਾਂ ਦੇ ਹੱਕ ਵਿਚ ਕੀਤਾ ਹੋਇਆ ਹੈ ਉਸ ਵਿਰੁੱਧ ਹਾਈਕੋਰਟ ਵਿਚ ਪੈਨਸ਼ਨਰਾਂ ਦੇ ਬਣਦੇ ਹੱਕ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਰੋਸ ਵਜੋਂ ਪੰਜਾਬ ਅਤੇ ਮੁਲਾਜ਼ਮਾ/ਪੈਨਸ਼ਨਰਾਂ ਦੇ ਸਾਂਝਾ ਫ਼ਰੰਟ ਵਲੋਂ ਅਤੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਪੰਜਾਬ ਵਲੋਂ ਜੋ ਪ੍ਰੋਗਰਾਮ ਉਲੀਕੇ ਗਏ ਹਨ ਉਸ ਅਨੁਸਾਰ 5 ਜੁਲਾਈ 2026 ਨੂੰ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਹੁਣ 11 ਜੁਲਾਈ ਨੂੰ ਕੈਬਨਿਟ ਸਬ ਕਮੇਟੀ ਦੀ ਮੈਂਬਰ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ ਫ਼ਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਚਿਤਾਵਨੀ ਪੱਤਰ ਦਿੱਤਾ ਜਾਵੇਗਾ। ਉਸ ਉਪਰੰਤ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਪੰਜਾਬ ਪੱਧਰ ’ਤੇ ਰੋਸ਼ ਧਰਨੇ ਵਿਚ ਭਰਪੂਰ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਚਿਤਰੰਜਨ ਗਾਬਾ ਜੁਆਇੰਟ ਸਕੱਤਰ, ਹਰਜੋਗਿੰਦਰ ਸਿੰਘ ਉਪ ਪ੍ਰਧਾਨ, ਗੁਰਨੈਬ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਗੁਰਮੁਖ ਸਿੰਘ, ਨਸੀਬ ਚੰਦ, ਜਸਵੀਰ ਸਿੰਘ ਅਤੇ ਪੈਨਸ਼ਨਰ ਵੱਡੀ ਗਿਣਤੀ ਵਿਚ ਹਾਜ਼ਰ ਸਨ।