ਲੰਬੀ, 7 ਜੁਲਾਈ (ਮੇਵਾ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਮਾਲਵਾ ਪੱਛਮੀ ਜ਼ੋਨ ਕਮੇਟੀ ਦੀ ਅਹਿਮ ਮੀਟਿੰਗ ਵਿਚ ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਬੰਦ ਕਰਕੇ ਖਿਓਵਾਲੀ ਵਿਚ ਰਲੇਵੇਂ ਦੇ ਫ਼ੈਸਲੇ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਨੇ ਫ਼ੈਸਲਾ ਕੀਤਾ ਕਿ ਆਪਣੀਆਂ ਮੰਗ ਮੰਨਵਾਉਣ ਲਈ 24 ਜੁਲਾਈ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਦੁਬਾਰਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਜ਼ੋਨਲ ਪ੍ਰਧਾਨ ਧੀਰਜ ਫ਼ਾਜ਼ਿਲਕਾ ਤੇ ਜ਼ੋਨਲ ਸਕੱਤਰ ਰਾਜਿੰਦਰ ਢਿੱਲਵਾਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸਫ਼ਲਤਾਪੂਰਵਕ ਚੱਲ ਰਹੀ ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਬਿਨਾਂ ਵਜ੍ਹਾ ਬੰਦ ਕਰਨ ਕਾਰਨ ਆਸਪਾਸ ਦੇ 20-25 ਪਿੰਡਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪਿਛਲੇ ਸਮੇਂ ਦੌਰਾਨ ਕੈਬਨਿਟ ਮੰਤਰੀ ਵਲੋਂ ਇਸ ਮਸਲੇ ਪ੍ਰਤੀ ਅਪਣਾਏ ਗਏ ਰੁੱਖੇ ਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਨੇ ਇਲਾਕਾ ਵਾਸੀਆਂ ਤੇ ਵਿਦਿਆਰਥੀਆਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਜ਼ੋਨਲ ਆਗੂ ਸੁਖਪ੍ਰੀਤ ਕੌਰ ਤੇ ਹਰਵੀਰ ਗੰਧੜ੍ਹ ਨੇ ਸਪੱਸ਼ਟ ਕੀਤਾ ਕਿ ਇਸ ਵਾਰ ਦਾ ਸੰਘਰਸ਼ ਸਿਰਫ਼ ਬਾਦਲ ਪਿੰਡ ਤੱਕ ਸੀਮਤ ਨਹੀਂ ਰਹੇਗਾ। ਇਸ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਤੇ ਸਰਕਾਰ ’ਤੇ ਦਬਾਅ ਪਾਉਣ ਲਈ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਪੀ.ਐੱਸ.ਯੂ. ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਜੇ ਵੀ ਸਿੱਖਿਆ ਵਿਰੋਧੀ ਨੀਤੀਆਂ ਤੇ ਤਕਨੀਕੀ ਸੰਸਥਾਵਾਂ ਨੂੰ ਬੰਦ ਕਰਨ ਦੇ ਫ਼ੈਸਲਿਆਂ ਨੂੰ ਵਾਪਸ ਨਾ ਲਿਆ ਅਤੇ ਆਈ.ਟੀ.ਆਈ. ਬਾਦਲ ਨੂੰ ਤੁਰੰਤ ਮੁੜ ਚਾਲੂ ਨਾ ਕੀਤਾ, ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਤੇ ਵਿਆਪਕ ਰੂਪ ਦਿੱਤਾ ਜਾਵੇਗਾ। ਯੂਨੀਅਨ ਨੇ ਇਲਾਕੇ ਦੇ ਸਮੂਹ ਵਿਦਿਆਰਥੀਆਂ, ਨੌਜਵਾਨਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ 24 ਜੁਲਾਈ ਦੇ ਇਸ ਸੰਘਰਸ਼ ਵਿਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਜ਼ੋਨ ਕਮੇਟੀ ਮੈਂਬਰ ਕਮਲਜੀਤ ਮੁਹਾਰਖੀਵਾ, ਨੌਨਿਹਾਲ ਸਿੰਘ ਥਾਂਦੇਵਾਲਾ ਅਤੇ ਜਸਨੀਤ ਸਿੰਘ ਜਿਉਣ ਵਾਲਾ ਵੀ ਹਾਜ਼ਰ ਸਨ।