ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲੇ੍ ਦੀ ਤੀਸਰੀ ਨਗਰ ਕੌਂਸਲ ’ਤੇ ਵੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਨ ਨਾਲ ਤਿੰਨੋ ਨਗਰ ਕੌਂਸਲਾਂ ਦੀ ਪ੍ਰਧਾਨਗੀ ਦੀ ਸੀਟ ’ਤੇ ‘ਆਪ’ ਦਾ ਕਬਜ਼ਾ ਹੈ। ਇਸ ਤੋਂ ਪਹਿਲਾਂ ਕੋਟਕਪੂਰਾ ਅਤੇ ਜੈਤੋ ਨਗਰ ਕੌਂਸਲ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਚੁਣੇ ਗਏ ਸਨ ਅਤੇ ਅੱਜ ਫ਼ਰੀਦਕੋਟ ਦੀ ਨਗਰ ਕੌਂਸਲ ’ਤੇ ਵੀ ਆਮ ਆਦਮੀ ਪਾਰਟੀ ਦੇ ਕੌਂਸਲਰ ਬਲਜਿੰਦਰ ਸਿੰਘ ਬੱਬੂ ਅਹੂਜਾ ਨੂੰ ਪ੍ਰਧਾਨ ਵਜੋਂ ਚੁਣਿਆਂ ਗਿਆ। ਅੱਜ ਪ੍ਰਧਾਨਗੀ ਲਈ ਹੋਈ ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਇਹ ਚੋਣ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਹੋਈ ਜਿਥੇ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਇਸ ਚੋਣ ਪ੍ਰਕਿਰਿਆ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਵਲੋਂ ਬੱਬੂ ਅਹੂਜਾ ਦੇ ਪ੍ਰਧਾਨ ਚੁਣੇ ਜਾਣ ’ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਲਈ ਕੀਤੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਨੂੰ ਹੇਠਲੇ ਪੱਧਰ ’ਤੇ ਵੀ ਬਲ ਮਿਲਿਆ ਜਦੋ ਫ਼ਰੀਦਕੋਟ ਨਗਰ ਕੌਂਸਲ ਲਈ ਪਹਿਲੀ ਵਾਰੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਚੁਣਿਆਂ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਜ਼ਿਆਦਾ ਤੋਂ ਜ਼ਿਆਦਾ ਫ਼ੰਡ ਲਿਆ ਕੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫਤਾਰ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਬੱਬੂ ਅਹੂਜਾ ਨੂੰ ਵਧਾਈ ਦਿੱਤੀ ਅਤੇ ਸਿਰਪਾਉ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਿਥੇ ਨਵ ਨਿਯੁਕਤ ਪ੍ਰਧਾਨ ਬਲਜਿੰਦਰ ਅਹੂਜਾ ਵਲੋਂ ਆਪਣੇ ਪਾਰਟੀ ਦੇ ਆਗੂਆਂ ਅਤੇ ਨਗਰ ਕੌਂਸਲ ਦੇ ਸਹਿਯੋਗੀ ਕੌਂਸਲਰਾਂ ਦਾ ਧੰਨਵਾਦ ਕੀਤਾ ਨਾਲ ਹੀ ਸ਼ਹਿਰ ਦੇ ਵਿਕਾਸ ਨੂੰ ਹੋਰ ਤਰੱਕੀਆਂ ’ਤੇ ਲਿਜਾਣ ਦਾ ਭਰੋਸਾ ਦਿੱਤਾ।