ਅੰਮਿ੍ਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਉਘੇ ਪੰਜਾਬੀ ਨਾਟਕਕਾਰ, ਪੰਜਾਬ ਨਾਟਸ਼ਾਲਾ ਅੰਮਿ੍ਤਸਰ ਦੇ ਸਿਰਜਕ ਅਤੇ ਸਨਅਤਕਾਰ ਜਤਿੰਦਰ ਸਿੰਘ ਬਰਾੜ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ | ਉਹ ਕਰੀਬ 81 ਵਰਿ੍ਹਆਂ ਦੇ ਸਨ ਤੇ ਕੁਝ ਸਮੇਂ ਤੋਂ ਬੀਮਾਰ ਹੋਣ ਕਾਰਨ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ | ਅੱਜ ਦੁਪਹਿਰ ਉਨ੍ਹਾਂ ਆਖਰੀ ਸਾਹ ਲਿਆ | ਬਰਾੜ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਖ਼ਬਰ ਸੁਣ ਕੇ ਦੇਸ਼ ਵਿਦੇਸ਼ ਦੇ ਰੰਗਮੰਚ ਤੇ ਸਾਹਿਤਕ ਹਲਕਿਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਦਾ ਜਨਮ 18 ਜੁਲਾਈ, 1945 ਨੂੰ ਪਿਤਾ ਸ. ਸੂਰਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਹੋਇਆ ਤੇ ਉਹ ਕਿੱਤੇ ਵਜੋਂ ਮਕੈਨੀਕਲ ਇੰਜੀਨੀਅਰ ਸਨ ਪਰ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ ਨਾਲ ਮੇਲ ਹੋਣ ਬਾਅਦ ਉਹ ਰੰਗਮੰਚ ਨਾਲ ਪੱਕੇ ਤੌਰ 'ਤੇ ਜੁੜ ਗਏ | ਇਸ ਦੌਰਾਨ ਉਨ੍ਹਾਂ ਮਜ਼ਦੂਰਾਂ ਦੀ ਜ਼ਿੰਦਗੀ 'ਤੇ 'ਲੋਹੇ ਦੀ ਭੱਠੀ' ਆਦਿ ਪ੍ਰਸਿੱਧ ਨਾਟਕ ਲਿਖੇ | ਸੰਨ੍ਹ 1998 ਵਿਚ ਸ. ਬਰਾੜ ਨੇ ਖ਼ਾਲਸਾ ਕਾਲਜ ਸਾਹਮਣੇ ਜੀ. ਟੀ. ਰੋਡ ਸਥਿਤ ਕੰਬਾਇਨਾਂ ਦੇ ਬਲੇਡ ਬਨਾਉਣ ਵਾਲੀ ਆਪਣੀ ਇੱਕ ਨਿੱਜੀ ਫੈਕਟਰੀ ਨੂੰ ਰੰਗਮੰਚ ਦਾ ਰੂਪ ਦੇ ਦਿੱਤਾ, ਜਿਸ ਦਾ ਨਾਂਅ ਪੰਜਾਬ ਨਾਟਸ਼ਾਲਾ ਰੱਖਿਆ ਗਿਆ | ਇਸ ਰੰਗਮੰਚ ਸਟੇਜ ਨੂੰ ਉੱਤਰੀ ਭਾਰਤ ਦੀ ਪਹਿਲੀ ਰਿਵਾਲਵਿੰਗ ਅਤੇ ਰੰਗਮੰਚ ਪੇਸ਼ਕਾਰੀਆਂ ਲਈ ਲੋੜੀਂਦੀਆਂ ਅਤਿ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਰੰਗਮੰਚ ਸਟੇਜ ਹੋਣ ਦਾ ਮਾਣ ਹਾਸਿਲ ਹੈ ਤੇ ਇਥੇ 28 ਵਰਿ੍ਹਆਂ ਦੌਰਾਨ ਹਜ਼ਾਰਾਂ ਨਾਟ ਤੇ ਸੰਗੀਤ ਦੀਆਂ ਪੇਸ਼ਕਾਰੀਆਂ ਹੋ ਚੁੱਕੀਆਂ ਹਨ | ਜਤਿੰਦਰ ਸਿੰਘ ਬਰਾੜ ਨੇ ਜਿਥੇ ਅਨੇਕਾਂ ਪੰਜਾਬੀ ਹਿੰਦੀ ਨਾਟਕਾਂ ਦੀ ਰਚਨਾ ਕੀਤੀ, ਉਥੇ ਉਨ੍ਹਾਂ ਕਈ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ ਅਤੇ ਕਈਆਂ ਵਿਚ ਅਹਿਮ ਕਿਰਦਾਰ ਵੀ ਨਿਭਾਏ | ਉਨ੍ਹਾਂ ਦੇ ਚਰਚਿਤ ਨਾਟਕਾਂ ਵਿਚ ਕੁਦੇਸਨ, ਫ਼ਾਸਲੇ, ਮਿਰਚ ਮਸਾਲਾ, ਪਾਏਦਾਨ, ਸਾਕਾ ਜਲਿ੍ਹਆਂ ਵਾਲਾ ਬਾਗ, ਟੋਆ, ਫਾਈਲ ਚੱਲਦੀ ਰਹੀ, ਅਰਮਾਨ, ਸਬਜ਼ ਬਾਗ, ਤਾਸ਼ ਦੀ ਆਦਤ ਆਦਿ ਪ੍ਰਸਿੱਧ ਨਾਟਕ ਹਨ | ਉਨ੍ਹ੍ਹਾਂ ਦੇ ਨਾਟਕ ਕੁਦੇਸਨ 'ਤੇ ਇੱਕ ਫ਼ਿਲਮ ਦਾ ਨਿਰਮਾਣ ਵੀ ਹੋਇਆ | ਬਰਾੜ ਦੇ ਨਜ਼ਦੀਕੀ ਦੋਸਤ ਅਤੇ ਸ਼ੋ੍ਰਮਣੀ ਬਾਲ ਸਾਹਿਤਕਾਰ ਡਾ. ਕੁਲਬੀਰ ਸਿੰਘ ਸੂਰੀ ਅਤੇ ਪੰਜਾਬ ਨਾਟਸ਼ਾਲਾ ਦੇ ਮੈਨੇਜਰ ਸੁਨੀਲ ਕੁਮਾਰ ਰਾਣਾ ਅਨੁਸਾਰ ਜਤਿੰਦਰ ਬਰਾੜ ਦਾ ਅੰਤਿਮ ਸੰਸਕਾਰ 26 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੇੜਲੇ ਸ਼ਮਸ਼ਾਨਘਾਟ ਵਿਖੇ ਹੋਵੇਗਾ |