ਹਰਜਿੰਦਰ ਸਿੰਘ ਲਾਲ
ਖੰਨਾ, 4 ਅਪ੍ਰੈਲ-ਪੰਜਾਬ ਦੀਆਂ ਅਨਾਜ ਮੰਡੀਆਂ ਅੱਜ ਸ਼ਾਮ ਤੱਕ ਕੁੱਲ ਮਿਲਾ ਕੇ 1297 ਮੀਟਰਕ ਟਨ ਕਣਕ ਦੀ ਆਮਦ ਹੋ ਚੁਕੀ ਹੈ | ਜਦੋਂ ਕਿ ਅੱਜ ਇਕ ਦਿਨ ਦੀ ਆਮਦ 384 ਮੀਟਰਕ ਟਨ ਹੈ | ਹਾਲਾਂਕਿ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਵਲੋਂ ਕਣਕ ਦੀ ਖ਼ਰੀਦ ਦਾ 6 ਅਪੈ੍ਰਲ ਤੱਕ ਬਾਈਕਾਟ ਜਾਰੀ ਹੈ ਪਰ ਸਰਕਾਰੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਤੱਕ 1002 ਮੀਟਰਕ ਟਨ ਕਣਕ ਦੀ ਵਿੱਕਰੀ ਹੋਈ ਹੈ | ਇਸ ਵਿਚੋਂ 982 ਮੀਟਰਕ ਟਨ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਤੇ 20 ਮੀਟਰਕ ਟਨ ਕਣਕ ਨਿੱਜੀ ਵਪਾਰੀਆਂ ਵਲੋਂ ਖਰੀਦੀ ਗਈ ਹੈ | ਸਰਕਾਰ ਵਲੋਂ ਕਿਸਾਨਾਂ ਨੂੰ 100 ਫ਼ੀਸਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ | ਇਸ ਦੌਰਾਨ ਪੰਜਾਬ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨਜ਼ ਵਲੋਂ ਐਲਾਨਿਆ ਕਣਕ ਦੀ ਵਿਕਰੀ ਦਾ ਬਾਈਕਾਟ ਜਾਰੀ ਰਿਹਾ |
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ
ਇਸ ਦੌਰਾਨ ਅੱਜ ਚੌਥੇ ਦਿਨ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਚ ਵੀ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਫ਼ਤਿਹਗੜ੍ਹ ਸਾਹਿਬ ਜ਼ਿਲੇ੍ਹ ਦੇ ਪਿੰਡ ਭੜੀ ਦਾ ਕਿਸਾਨ ਪਰਮਿੰਦਰ ਸਿੰਘ ਆਪਣੀ ਫ਼ਸਲ ਲੈ ਕੇ ਮੰਡੀ 'ਚ ਪੁੱਜਾ | ਪਰ ਜਦੋਂ ਤੱਕ ਹੜਤਾਲ ਨਹੀਂ ਖੁੱਲ੍ਹਦੀ ਇਸਦੀ ਖ਼ਰੀਦ ਸੰਭਵ ਨਹੀਂ ਹੈ ਤੇ ਹੁਣ ਫ਼ਸਲ ਦੀ ਸੰਭਾਲ ਦੀ ਜ਼ਿੰਮੇਵਾਰੀ ਸਬੰਧਿਤ ਆੜ੍ਹਤੀ ਦੀ ਬਣ ਗਈ ਹੈ ਜਿਸ ਨਾਲ ਆੜ੍ਹਤੀ ਤੇ ਕਿਸਾਨ ਦੋਵੇਂ ਪਰੇਸ਼ਾਨ ਹੋਣਗੇ | ਆੜ੍ਹਤੀ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਮਾਰਕੀਟ ਕਮੇਟੀ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ |
ਪੰਜਾਬ ਭਰ ਵਿਚ 1297 ਟਨ ਕਣਕ ਦੀ ਆਮਦ ਤੇ 1002 ਟਨ ਕਣਕ ਦੀ ਵਿਕਰੀ <br/>
ਅਜੀਤ ਡੈਸਕ
05-04-2026