ਮਾਨਸਾ, 1 ਮਈ (ਬਲਵਿੰਦਰ ਸਿੰਘ ਧਾਲੀਵਾਲ)-ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਿਲਪਾ ਦੀ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 20 ਮਈ ਨੂੰ ਪੇਸ਼ ਹੋਣ ਦੇ ਹੁਕਮ ਕੀਤੇ ਹਨ | ਜ਼ਿਕਰਯੋਗ ਹੈ ਕਿ ਲੰਘੀ 28 ਅਪ੍ਰੈਲ ਨੂੰ ਉਪਰੋਕਤ ਅਦਾਲਤ ਵਲੋਂ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਗਿਆ ਸੀ ਕਿ ਜੇਕਰ ਪਹਿਲੀ ਮਈ ਨੂੰ ਉਹ ਹਾਜ਼ਰ ਨਾ ਹੋਏ ਤਾਂ ਜ਼ਮਾਨਤ ਰੱਦ ਕੀਤੀ ਜਾ ਸਕਦੀ ਹੈ ਪਰ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਣ ਕਰ ਕੇ ਮੁੱਖ ਮੰਤਰੀ ਹਾਜ਼ਰ ਨਹੀਂ ਹੋ ਸਕੇ | ਉਨ੍ਹਾਂ ਦੇ ਵਕੀਲ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਅੱਜ ਹਾਜ਼ਰੀ ਮੁਆਫ਼ੀ ਦੀ ਅਰਜ਼ੀ ਲਗਾਈ ਗਈ ਸੀ, ਜੋ ਮਨਜ਼ੂਰ ਕਰ ਲਈ ਗਈ | ਕਾਬਲੇ-ਗ਼ੌਰ ਰਹੇ ਇਹ ਮੁਕੱਦਮਾ ਨਾਜਰ ਸਿੰਘ ਮਾਨਸ਼ਾਹੀਆ ਨੇ ਵਿਧਾਇਕ ਹੁੰਦਿਆਂ ਉਦੋਂ ਦਰਜ ਕਰਵਾਇਆ ਸੀ ਜਦੋਂ ਉਹ ਜੁਲਾਈ 2019 'ਚ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ 'ਚ ਸ਼ਾਮਿਲ ਹੋਏ ਸਨ | ਉਸ ਵਕਤ 'ਆਪ' ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਸੀ ਕਿ ਮਾਨਸ਼ਾਹੀਆ ਨੇ 10 ਕਰੋੜ ਰੁਪਏ ਲਏ ਹਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੀ ਚੇਅਰਮੈਨੀ ਵੀ ਪੱਕੀ ਕੀਤੀ ਹੈ | ਵਿਧਾਇਕ ਦੀ ਅਪਰਾਧਿਕ ਇਸਤਗਾਸਾ ਦੀ ਸੁਣਵਾਈ ਕਰਦਿਆਂ ਭਗਵੰਤ ਮਾਨ ਸਮੇਤ ਕਈ ਪੱਤਰਕਾਰਾਂ ਨੂੰ ਤਲਬ ਕੀਤਾ ਸੀ |