ਚੰਡੀਗੜ੍ਹ, 9 ਮਈ (ਪ੍ਰੋ. ਅਵਤਾਰ ਸਿੰਘ)-ਜੰਗ-ਏ-ਆਜ਼ਾਦੀ ਦੇ ਤੱਥਮੂਲਕ ਇਤਿਹਾਸਕਾਰ ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਲੰਮਾ ਸਮਾਂ ਹਿਉਮੇਨੇਟੀਜ਼ ਦੋ ਪ੍ਰੋਫੈਸਰ ਰਹੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਅੱਜ ਸਵੇਰੇ ਸਾਕੇਤੜੀ (ਪੰਚਕੂਲਾ) ਵਿਖੇ ਦਿਹਾਂਤ ਹੋ ਗਿਆ ਹੈ | ਆਪਣੇ ਪਿੱਛੋਂ ਉਹ ਆਪਣੀ ਇਕਲੌਤੀ ਬੇਟੀ ਡਾ. ਮਿੰਨਾ ਵੜੈਚ ਨੂੰ ਛੱਡ ਗਏ ਹਨ | ਕੱੁਝ ਸਮਾਂ ਪਹਿਲਾਂ ਹੀ ਉਨ੍ਹਾਂ ਆਪਣਾ 96ਵਾਂ ਜਨਮ ਦਿਨ ਮਨਾਇਆ ਸੀ | ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਭਣੇਵੇਂ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਤੇ ਨਾਮਵਰ ਸੀਨੀਅਰ ਵਕੀਲ ਰਾਜਿੰਦਰ ਸਿੰਘ ਚੀਮਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਮਿ੍ਤਕ ਦੇਹ ਪੀ.ਜੀ.ਆਈ. ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤੀ ਗਈ ਹੈ | ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਪਰਿਵਾਰ ਲੱਧੇਵਾਲਾ ਵੜੈਚ (ਗੁਜਰਾਂਵਾਲਾ) ਤੋਂ ਦੇਸ਼ ਵੰਡ ਵੇਲੇ ਇਧਰ ਆ ਕੇ ਪਹਿਲਾਂ ਕਪੂਰਥਲਾ ਤੇ ਮਗਰੋਂ ਪੱਕੇ ਤੌਰ 'ਤੇ ਪਿੰਡ ਰਾਵਰ (ਕਰਨਾਲ) ਵਿਚ ਵੱਸਿਆ | ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ 1960 ਤੋਂ 1989 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਪੜ੍ਹਾਉਂਦੇ ਰਹੇ | ਉਨ੍ਹਾਂ ਨੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕਾਲਾ ਸੰਘਿਆ, ਬਾਬਾ ਸੱਜਣ ਸਿੰਘ ਨਾਰੰਗਵਾਲ, ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ, ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਅਰਜਨ ਸਿੰਘ ਜਗਰਾਉਂ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਪਾਲਾ ਸਿੰਘ ਢੁੱਡੀਕੇ, ਸ਼ਹੀਦ ਜਤਿਨ ਦਾਸ ਦੇ ਭਰਾਤਾ ਕਿਰਨ ਦਾਦਾ ਤੇ ਅਨੇਕਾਂ ਹੋਰ ਦੇਸ਼ ਭਗਤਾਂ ਦੀ ਸੰਗਤ ਮਾਣੀ | ਜਲੰਧਰ ਵਿਚ ਆਪਣੇ ਸਾਥੀ ਸਹਿਯੋਗੀਆਂ ਤੇ ਵਿਸ਼ਵਾਸਪਾਤਰਾਂ ਦੀ ਸੰਗਤ ਨਾਲ ਉਨ੍ਹਾਂ ਯੁਵਕ ਕੇਂਦਰ ਦੀ ਸਥਾਪਨਾ ਕਰਕੇ ਪੂਰੇ ਪੰਜਾਬ ਵਿਚ ਸ਼ਹੀਦਾਂ ਦੀ ਵਿਰਾਸਤ ਚੇਤਨਾ ਦਾ ਪਰਚਮ ਲਹਿਰਾਇਆ | ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਵਿਦਿਆਰਥੀਆਂ ਵਿਚੋਂ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋ. ਜਗਮੋਹਨ ਸਿੰਘ, ਪਿ੍ੰਸੀਪਲ ਪ.ਸ ਪਰਮਾਰ, ਮਿਹਰ ਚੰਦ ਭਾਰਦਵਾਜ ਤੋਂ ਇਲਾਵਾ ਸਾਹਿਤ ਖੇਤਰ ਵਿਚ ਅਜਮੇਰ ਰੋਡੇ, ਦਰਸ਼ਨ ਨੱਤ, ਉਜਾਗਰ ਸਿੰਘ ਕੰਵਲ, ਅਮੋਲਕ ਸਿੰਘ, ਅਜਮੇਰ ਸਿੰਘ, ਸੁਰਿੰਦਰ ਧੰਜਲ, ਕੰਵਲਜੀਤ ਸਿੰਘ ਢੁੱਡੀਕੇ, ਜਸਵੰਤ ਜ਼ਫ਼ਰ, ਗੁਰਿੰਦਰਜੀਤ ਤੇ ਪਰਮਜੀਤ ਧਾਲੀਵਾਲ ਨੇ ਚੰਗਾ ਨਾਮਣਾ ਖੱਟਿਆ | ਪੰਜਾਬ ਰਾਜ ਬਿਜਲੀ ਬੋਰਡ ਦੇ ਹੁਣੇ ਸੇਵਾਮੁਕਤ ਹੋਏ ਚੇਅਰਮੈਨ ਬਲਦੇਵ ਸਿੰਘ ਸਰਾਂ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਬਾਨੀ ਵਾਈਸ ਚਾਂਸਲਰ ਡਾ. ਦਿਲਬਾਗ ਸਿੰਘ ਹੀਰਾ ਤੇ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਉਨ੍ਹਾਂ ਦੇ ਵਿਦਿਆਰਥੀ ਰਹੇ ਹਨ | ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ 1989 ਵਿਚ ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਲਾਅ ਦੀ ਪੜ੍ਹਾਈ ਕਰਕੇ ਆਪਣੇ ਭਣੇਵੇਂ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਨਾਲ ਕੱੁਝ ਸਮਾਂ ਵਕਾਲਤ ਵੀ ਕੀਤੀ | ਉਨ੍ਹਾਂ ਵਲੋਂ ਲਿਖੀਆਂ ਖੋਜ ਪੁਸਤਕਾਂ ਦੀ ਗਿਣਤੀ ਤੀਹ ਤੋਂ ਵੱਧ ਹੈ | ਪਹਿਲੇ ਤੇ ਦੂਜੇ ਲਾਹੌਰ ਸਾਜ਼ਿਸ਼ ਕੇਸ ਦੀ ਜੱਜਮੈਂਟ ਨੂੰ ਵੀ ਹਰੀਸ਼ ਜੈਨ ਨਾਲ ਮਿਲ ਕੇ ਸੰਪਾਦਿਤ ਕੀਤਾ ਤੇ ਛਪਵਾਇਆ | ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਐਸ.ਪੀ ਸਿੰਘ, ਉੱਘੇ ਕਵੀ ਗੁਰਭਜਨ ਗਿੱਲ, ਉੱਘੇ ਚਿੰਤਕ ਡਾ. ਸਵਰਾਜਬੀਰ, ਇਤਿਹਾਸਕਾਰ ਸਵਰਨ ਸਿੰਘ ਵਿਰਕ, ਡਾ. ਸਰਬਜੀਤ ਸਿੰਘ, ਡਾ. ਗੁਰਮੇਲ ਸਿੰਘ, ਡਾ. ਪਾਲ ਕੌਰ, ਉੱਘੇ ਚਿੰਤਕ ਹਰੀਸ਼ ਪੁਰੀ, ਓ.ਪੀ ਵਸ਼ਿਸ਼ਠ, ਸ਼੍ਰੀ ਹਰੀਸ਼ ਜੈਨ, ਰਤਨ ਸਿੰਘ ਢਿੱਲੋਂ, ਕਿਰਪਾਲ ਕਜ਼ਾਕ, ਬਲਦੇਵ ਮੋਗਾ, ਡਾ. ਗੁਲਜ਼ਾਰ ਪੰਧੇਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਰਮੇਸ਼ ਯਾਦਵ, ਜਸਪਾਲ ਮਾਨਖੇੜਾ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਮੱਖਣ ਮਾਨ, ਭੋਲਾ ਸਿੰਘ ਸੰਘੇੜਾ, ਅਰਵਿੰਦਰ ਕਾਕੜਾ, ਸੁਖਵਿੰਦਰ ਪੱਪੀ, ਤਰਸੇਮ, ਭੁਪਿੰਦਰ ਸਿੰਘ ਸੰਧੂ ਅਤੇ ਪਟਿਆਲਾ ਇਕਾਈ ਦੇ ਆਗੂ ਡਾ. ਸੰਤੋਖੀ ਸੁੱਖੀ, ਡਾ. ਗੁਰਮੀਤ ਕੱਲਰਮਾਜਰੀ, ਸਤਪਾਲ ਭੀਖੀ, ਜਗਪਾਲ ਚਹਿਲ ਅਤੇ ਬਲਵਿੰਦਰ ਸਿੰਘ ਪੱਪੀ ਅਤੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਪ੍ਰੋ. ਹਰਵਿੰਦਰ ਸਿੰਘ ਆਦਿ ਵਿਦਵਾਨਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪੰਜਾਬੀ ਇਤਿਹਾਸ ਲੇਖਨ ਅਤੇ ਚਿੰਤਨ ਦੇ ਖੇਤਰ ਵਿਚ ਵੱਡਾ ਘਾਟਾ ਪਿਆ ਹੈ |