ਕਿਹਾ, ਬਾਦਲ ਪਰਿਵਾਰ ਵਲੋਂ ਬੇਅਦਬੀ ਸੋਧ ਕਾਨੂੰਨ ਦਾ ਵਿਰੋਧ ਕਰਵਾਇਆ ਜਾ ਰਿਹਾ
ਅੰਮਿ੍ਤਸਰ, 9 ਮਈ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਦਰਮਿਆਨ ਬੇਅਦਬੀ ਸੋਧ ਐਕਟ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਇਕ ਵਾਰ ਮੁੜ ਪੰਜਾਬ ਸਰਕਾਰ ਦੇ ਹੱਕ ਵਿਚ ਨਿੱਤਰੇ ਹਨ | ਬੀਤੇ ਦਿਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਬੇਅਦਬੀ ਕਾਨੂੰਨ ਵਿਚ ਸੋਧ ਕਰਨ ਨੂੰ ਲੈ ਕੇ ਸੂਬਾ ਸਰਕਾਰ ਨੂੰ ਦਿੱਤੇ 15 ਦਿਨਾਂ ਦੇ ਅਲਟੀਮੇਟਮ ਤੋਂ ਬਾਅਦ ਅੱਜ ਇਥੇ ਜਾਰੀ ਵੀਡੀਓ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੇਅਦਬੀ ਸੋਧ ਐਕਟ ਵਿਚ ਸੋਧ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ ਤੇ ਇਸਨੂੰ ਲਾਗੂ ਕਰਨ 'ਤੇ ਦੇਸਾਂ ਪ੍ਰਦੇਸਾਂ ਵਿਚ ਵਸਦੀਆਂ ਸੰਗਤਾਂ ਵਲੋਂ ਇਸ ਪ੍ਰਤੀ ਬਹੁਤ ਤਸੱਲੀ ਪ੍ਰਗਟ ਕੀਤੀ ਗਈ ਤੇ ਖੁਸ਼ੀ ਮਨਾਈ ਗਈ ਹੈ ਕਿ ਹੁਣ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਖੀਆਂ ਨੂੰ ਹੁਣ ਲੰਮੇ ਸਮੇ ਤੱਕ ਜੇਲ੍ਹ ਵਿਚ ਹੀ ਰਹਿਣਾ ਪਏਗਾ ਤੇ ਉਨ੍ਹਾਂ ਦੇ ਗਾਰਡੀਅਨ ਨੂੰ ਵੀ ਸਜ਼ਾਵਾਂ ਮਿਲਣਗੀਆਂ | ਉਨ੍ਹਾਂ ਕਿਹਾ ਪਰ ਇੱਕ ਬਾਦਲ ਪਰਿਵਾਰ ਵਲੋਂ ਇਸ ਗੱਲ ਦਾ ਵਿਰੋਧ ਕੀਤਾ ਅਤੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਗਤ ਦੀ ਕਈ ਦਹਾਕਿਆਂ ਤੋਂ ਮੰਗ ਸੀ ਕਿ ਬੇਅਦਬੀਆਂ ਨੂੰ ਲੈ ਕੇ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤੇ ਹੁਣ ਸਰਕਾਰ ਨੇ ਕਾਨੂੰਨ ਬਣਾਇਆ ਹੈ ਤੇ ਸਾਨੂੰ ਇਸ ਕਾਨੂੰਨ ਪ੍ਰਤੀ ਆਪਣੀ ਤਸੱਲੀ ਪ੍ਰਗਟ ਕਰਨੀ ਚਾਹੀਦੀ ਹੈ |