ਮੋਗਾ, 25 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਅੱਜ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਜੁਡੀਸ਼ੀਅਲ ਐਡਮੈਜਿਸਟ੍ਰੇਟ ਸਿਸਟਮ ਵਲੋਂ ਪੰਜਾਬ ਭਰ ਦੀਆਂ ਅਦਾਲਤਾਂ ਵਿਚ ਮੈਡੀਏਸ਼ਨ ਦੇ ਵਿਚ ਸਰਪੰਚਾਂ ਨੂੰ ਨਿਯੁਕਤ ਕਰਨ ਤੇ ਅਦਾਲਤਾਂ ਦੇ ਬਾਹਰ ਲੀਗਲ ਏਡ ਹੈਲਪ ਡੈਸਕ ਸਥਾਪਿਤ ਕਰਨ ਦਾ ਵਿਰੋਧ ਕੀਤਾ ਗਿਆ ਤੇ ਸਮੂਹ ਵਕੀਲਾਂ ਨੇ ਆਪਣਾ ਕੰਮਕਾਜ ਬੰਦ ਕਰ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਕੀਲਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਸਰਕਾਰ ਉਨ੍ਹਾਂ ਨੂੰ ਦਰਕਿਨਾਰ ਕਰ ਕੇ ਸਰਪੰਚਾਂ ਨੂੰ ਨਿਯੁਕਤ ਕਰਨਾ ਜਿਨ੍ਹਾਂ ਨੂੰ ਕਾਨੂੰਨ ਦੀ ਕੋਈ ਸਮਝ ਨਹੀਂ ਹੁੰਦੀ ਤੇ ਇਹ ਜੁਡੀਸ਼ੀਅਲ ਸਿਸਟਮ ਦੇ ਖ਼ਿਲਾਫ਼ ਹੈ ਤੇ ਇਸ ਵਿਚ ਵਕੀਲਾਂ ਦੀ ਹੀ ਭਾਗੇਦਾਰੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਲੀਗਲ ਏਡ ਜੁਡੀਸ਼ੀਅਲ ਪ੍ਰਬੰਧਨ ਸਿਸਟਮ ਵਲੋਂ ਕੋਰਟਾਂ ਦੇ ਬਾਹਰ ਹੈਲਪ ਡੈਸਕ ਬਿਠਾਉਣ ਦਾ ਫ਼ੈਸਲਾ ਲਿਆ ਗਿਆ, ਇਹ ਵੀ ਸਰਾਸਰ ਗ਼ਲਤ ਹੈ | ਇਸ ਲਈ ਸਮੁੱਚੀਆਂ ਬਾਰ ਐਸੋਸੀਏਸ਼ਨਾਂ ਨੇ ਇਨ੍ਹਾਂ ਫ਼ੈਸਲਿਆਂ ਦੇ ਵਿਰੋਧ ਵਿਚ ਆਪਣਾ ਕੰਮਕਾਜ ਬੰਦ ਰੱਖਿਆ ਤੇ ਜੇਕਰ ਇਹ ਫ਼ੈਸਲੇ ਵਾਪਸ ਨਾ ਲਏ ਗਏ ਤਾਂ ਲੰਮੀ ਹੜਤਾਲ ਕੀਤੀ ਜਾਵੇਗੀ | ਇਸ ਮੌਕੇ ਸਕੱਤਰ ਰਾਜੀਵ ਕੁਮਾਰ ਮਿੱਤਲ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਚਾਹਲ, ਸਾਬਕਾ ਬਾਰ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ, ਸਾਬਕਾ ਬਾਰ ਪ੍ਰਧਾਨ ਰਾਜਪਾਲ ਸ਼ਰਮਾ, ਅਮਤੇਸ਼ਵਰ ਸ਼ਰਮਾ, ਐਡਵੋਕੇਟ ਮੀਨਾ ਸ਼ਰਮਾ, ਜਤਿੰਦਰ ਕਿੰਗਰਾ, ਐਸ.ਐਸ. ਰਾਮੂਵਾਲੀਆ, ਕੇਤਨ ਸੂਦ, ਸਾਬਕਾ ਬਾਰ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਤਰੰਗ ਚੋਪੜਾ, ਉਮੰਗ ਚੋਪੜਾ, ਸੁਮਿਤ ਮਿੱਤਲ, ਤਜਿੰਦਰ ਕੁਮਾਰ, ਵਿਕਰਮਜੀਤ ਹਾਂਡਾ, ਮੈਡਮ ਪਾਇਲ ਸੇਖੋਂ, ਮੁਸਕਾਨ ਮਿੱਤਲ, ਵਿਨੀਤ, ਗੁਰਤਰਨ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲ ਭਾਈਚਾਰਾ ਹਾਜ਼ਰ ਸੀ |